ਪੰਨਾ:ਜਲ ਤਰੰਗ.pdf/130

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਲ ਦਾ ਜੋ ਕਰ ਹਾਲ ਗਈ ਏਂ,
ਪ੍ਰੇਮ-ਮੁਆਤਾ ਬਾਲ ਗਈ ਏਂ,
ਚਾਨਣ ਨਵਾਂ ਵਿਖਾਲ ਗਈ ਏਂ,
ਕਰ ਕੇ ਜੀਣ ਮੁਹਾਲ ਗਈ ਏਂ,
ਤੂੰ ਜੋ ਨਵਾਂ ਜਹਾਨ ਦਿਖਾਇਆ,
ਅਖੀਆਂ ਅੱਗੋਂ ਕਿਵੇਂ ਲੁਕਾਵਾਂ?
ਦਸ, ਮੈਂ ਤੈਨੂੰ ਕਿਵੇਂ ਭੁਲਾਵਾਂ?

ਮੈਨੂੰ ਪਤਾ, ਤੂੰ ਜਾ ਨ ਸਕੇਂਗੀ,
ਦਿਲ ਦੀ ਪੀੜ ਦਬਾ ਨ ਸਕੇਂਗੀ,
ਦੁਨੀਆ ਨਵੀਂ ਵਸਾ ਨ ਸਕੇਂਗੀ,
ਰੋ ਨ ਸਕੇਂਗੀ, ਗਾ ਨ ਸਕੇਂਗੀ,
ਤੇਰੇ ਮੇਰੇ ਵੱਸ ਨ ਕੋਈ,
ਬੇਬਸੀਆਂ ਨੂੰ ਕੀ ਅਜ਼ਮਾਵਾਂ?
ਦਸ, ਮੈਂ ਤੈਨੂੰ ਕਿਵੇਂ ਭੁਲਾਵਾਂ?


ਭੁਲੀਏ ਕਿਉਂ? ਆ ਖੁਲ੍ਹ ਕੇ ਮਿਲੀਏ!
ਪ੍ਰੀਤ-ਝਨਾ ਵਿਚ ਰਲ ਕੇ ਠਿਲ੍ਹੀਏ!
ਪ੍ਰੇਮ ’ਚ ਸਾਡੇ ਗੰਦ ਨ ਕੋਈ,
ਜਦੋਂ ਵਾਸ਼ਨਾ ਮੰਦ ਨ ਕੋਈ,
ਸੜੇ ਸਮਾਜ ਨੂੰ ਜੀਵਨ ਦੇਈਏ,
ਦੁਨੀਆ ਨੂੰ ਇਕ ਚਾਨਣ ਦੇਈਏ,
ਤੂੰ ਡਟ ਜਾ, ਮੈਂ ਵੀ ਡਟ ਜਾਵਾਂ!
ਕਿਉਂ ਮੈਂ ਤੈਨੂੰ ਪਿਆ ਭੁਲਾਂਵਾਂ?

-੯੭-