ਪੰਨਾ:ਜਲ ਤਰੰਗ.pdf/134

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੱਕੀ ਇਸਦੀ ਬੇਪਰਵਾਹੀ,
ਰੋਕ ਨ ਸੱਕੇ ਧੱਕੇਸ਼ਾਹੀ!
ਸੰਗਲ ਇਸਨੂੰ ਜਕੜ ਨ ਸੱਕੇ!
ਮੌਤ ਵੀ ਇਸਨੂੰ ਪਕੜ ਨ ਸੱਕੇ!
ਆਪੇ ਤੋਂ ਜਦ ਬਾਹਰ ਹੋਇਆ,
ਵਿੱਚ ਝਨਾ ਦੇ ਜਾਇ ਸਮੋਇਆ!
ਜੋਗੀ ਬਣ ਕੇ ਕੰਨ ਪੜਵਾਏ!
ਸ਼ਾਹਾਂ ਤੋਂ ਮਝੀਆਂ ਚਰਵਾਏ!
ਪਿਆਰ ਇਹੋ ਸੰਦੇਸ਼ ਸੁਣਾਏ:
“ਸਿਰ ਜਾਏ, ਪਰ ਸਿਦਕ ਨ ਜਾਏ!”

ਤੂੰ ਪਰ ਅੰਦਰ ਵੜ ਵੜ ਰੋਂਦੀ;
ਰੋਣ ਦੀ ਕੋਈ ਹੱਦ ਵੀ ਹੋਂਦੀ!
ਇਹ ਕੀ, ਵਾਂਗ ਸ਼ੁਦਾਈਆਂ ਰੋਣਾ?
ਨਾ ਕੁਝ ਕਰਨਾ, ਨਾ ਕੁਝ ਹੋਣਾ!
ਗੱਲ ਗੱਲ ਤੇ ਦਸਣੀ ਲਾਚਾਰੀ,
ਮੱਤ ਗਈ ਕਿਉਂ ਤੇਰੀ ਮਾਰੀ?
ਪਰਬਤ ਵਾਂਗ ਅਹਿੱਲ ਇਰਾਦਾ!
ਕੌਣ ਕਹੇ, ਤੂੰ ਨਾਰੀ ਅਬਲਾ?
ਸਾਗਰ ਨਾਲੋਂ ਤੇ ਡੂੰਘੇਰੀ!
ਕੌਣ ਕਹੇ, ਤੂੰ ਨਾਰ ਛੁਟੇਰੀ?
ਤੇਰੇ ਵਿਚ ਤੁਫ਼ਾਨ ਦੀ ਹਰਕਤ!
ਕੌਣ ਕਹੇ, ਤੇ ਨਿਰੀ ਨਜ਼ਾਕਤ?
ਬਿਜਲੀ ਦਾ ਤੇਰੇ ਵਿਚ ਕੜਕਾ!
ਤੈਨੂੰ ਕਿਹੜੀ ਗੱਲ ਦਾ ਧੜਕਾ?
ਚਾਹੇਂ ਤਾਂ ਅਰਸ਼ੀਂ ਉਡ ਜਾਵੇਂ।

-੧੦੧-