ਪੰਨਾ:ਜਲ ਤਰੰਗ.pdf/140

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੀਤਾਂ ਹੋਣ ਖ਼ੁਆਰ ਨੀ!

ਨਾ ਚੱਲੇ ਤੇਰੀ ਗੱਲ ਨੀ,
ਨਾ ਮੇਰਾ ਕੋਈ ਇਤਬਾਰ ਨੀ!
ਦਿਲ ਭਟਕਣ ਡਾਵਾਂ ਡੋਲ ਨੀ,
ਇਸ ਔਝੜ ਦੇ ਬਲਿਹਾਰ ਨੀ!
ਨਾ ਸਉਰੇ ਤੈਥੋਂ ਕੁਝ ਵੀ,
ਨਾ ਮੈਂ ਕੁਝ ਸਕਾਂ ਸੁਆਰ ਨੀ!
ਦੋਇ, ਹੁਸਨ ਇਸ਼ਕ ਮਜਬੂਰ ਨੀ,
ਅਜ ਪ੍ਰੀਤਾਂ ਹੋਣ ਖ਼ੁਆਰ ਨੀ!

ਮੈਂ ਮਹੀਂਵਾਲ ਬਣ ਜਾਂ ਕਿਵੇਂ?
ਪਏ ਹੋਰ ਅਨੇਕ ਵਿਹਾਰ ਨੀ!
ਇਕ ਢਿੱਡ ਨ ਭਰਦਾ ਆਪਣਾ,
ਕਿੰਜ ਮਝਾਂ ਲਿਆਵਾਂ ਚਾਰ ਨੀ?
ਤੇ ਮਝ ਵੀ ਤੈਂਡੀ ਕੋਈ ਨਾ,
ਤੂੰ ਕਰੇਂ ਗਲੈਕਸੋ ਤਿਆਰ ਨੀ!
ਨਾ ਤਰਨਾ ਕਿਸੇ ਨੂੰ ਆਂਵਦਾ,
ਡੁਬ ਜਾਵਾਂਗੇ ਵਿਚਕਾਰ ਨੀ!
ਮੂਰਖ ਨਹੀਂ, ਕੰਨ ਪੜਵਾ ਲਵਾਂ,
ਬਣ ਜੋਗੀ ਫਿਰਾਂ ਦੁਆਰ ਨੀ।
ਦੇਸੀ ਕੀ, ਮਿਲੇ ਨ ਡਾਲਡਾ,
ਕਿੰਜ ਕਰਸੇਂ ਚੂਰੀ ਤਿਆਰ ਨੀ?
ਅਜ ਪਿਪਰਮਿੰਟ ਤੇ ਚਾਕਲੇਟ,
ਕਰ ਭੇਟ ਇਹੀ ਸ੍ਵੀਕਾਰ ਨੀ!

-੧੦੭-