ਪੰਨਾ:ਜਲ ਤਰੰਗ.pdf/148

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮੈਂ ਆਵਾਂਗਾ ਇਕ ਦਿਨ

ਇਹ ਜੇਲ੍ਹਾਂ ਦੇ ਬੰਧਨ ਲੁਕਾ ਨਾ ਸਕਣਗੇ,
ਇਹ ਤੋਪਾਂ ਦੇ ਗੋਲੇ ਮੁਕਾ ਨਾ ਸਕਣਗੇ,
ਅਮਰ ਰੂਹ ਮੇਰੀ ਨੂੰ ਫਾਹ ਨਾ ਸਕਣਗੇ,
ਕਦੀ ਮੌਤ-ਫ਼ਰਿਸ਼ਤੇ ਲਿਜਾ ਨਾ ਸਕਣਗੇ।
ਮੈਂ ਸੰਗੀਨ ਬੰਧਨ ਤੁੜਾਵਾਂਗਾ ਇਕ ਦਿਨ!
ਸਬਰ ਰੱਖ ਚੰਨੀਏ, ਮੈਂ ਆਵਾਂਗਾ ਇਕ ਦਿਨ!

ਸਦਾ ਰੂਹ ਪਯਾਸੀ ਭਟਕਦੀ ਨ ਰਹਿਣੀ,
ਜਵਾਨੀ ਸਦਾ ਸਿਰ ਪਟਕਦੀ ਨ ਰਹਿਣੀ,
ਇਹ ਬੰਦਸ਼ ਮੇਰਾ ਖੋਹ ਕੁਝ ਨਾ ਸਕੇਗੀ,
ਜਵਾਲਾ ਮੁਹੱਬਤ ਦੀ ਬੁਝ ਨਾ ਸਕੇਗੀ।
ਹੁਸਨ-ਦੀਪ ਲਟ ਲਟ ਜਗਾਵਾਂਗਾ ਇਕ ਦਿਨ!
ਤੇਰੇ ਕੋਲ ਸਜਨੀ, ਮੈਂ ਆਵਾਂਗਾ ਇਕ ਦਿਨ!

ਮੈਂ ਦੁੱਖਾਂ ’ਚ ਘਿਰ ਘਿਰ ਕੇ ਰੋਣਾ ਨ ਜਾਣਾ,
ਮੈਂ ਹੰਝੂਆਂ ’ਚ ਗ਼ਮ ਨੂੰ ਡੁਬੋਣਾ ਨ ਜਾਣਾ,
ਮੈਂ ਖਾ ਖਾ ਕੇ ਠੇਡੇ ਬਣਾਇਆ ਏ ਜੀਵਨ,
ਮੈਂ ਇਟ ਨਾਲ ਪਥਰ ਲੜਾਇਆ ਏ ਜੀਵਨ।
ਮੈਂ ਜਿੱਤਾਂਗਾ, ਖ਼ੁਸ਼ੀਆਂ ਮਨਾਵਾਂਗਾ ਇਕ ਦਿਨ!
ਨ ਦਿਲ ਛੱਡ ਮੋਹਨੀ, ਮੈਂ ਆਵਾਂਗਾ ਇਕ ਦਿਨ!

-੧੧੫-