ਪੰਨਾ:ਜਲ ਤਰੰਗ.pdf/15

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਦੀ ਜੀਵਨ-ਸਾਥਣ ਚੜ੍ਹਦੀ ਜਵਾਨੀ ਵਿਚ ਆਪਨੂੰ ਸਦਾ ਲਈ ਵਿਛੋੜਾ ਦੇ ਗਈ। ਆਪਦੇ ਦਿਲ ਤੇ ਸਦਮੇ ਦੀ ਸਟ ਬੜੀ ਡਾਢੀ ਲਗੀ। ਆਪਦੀ ਜੀਵਨ ਸਾਥਣ, ਜਲਦ ਵਿਛੜ ਕੇ, ਆਪਨੂੰ ਜ਼ਿੰਦਗੀ ਭਰ ਸਾਥ ਦੇਣੇ ਇਨਕਾਰ ਕਰ ਗਈ। ਭਾਵੇਂ ਆਪ ਨੇ ਅਜ ਤਕ ਇਹ ਸਦਮਾ ਸੀਨੇ ਵਿਚ ਬੜਾ ਸਮੇਟ ਸਮੇਟ ਕੇ ਰਖਿਆ, ਤੇ ਪਛਣ ਤੇ ਵੀ ਕਿਸੇ ਨੂੰ ਨਹੀਂ ਦਸਿਆ, ਪਰ ਟੁਟੇ ਦਿਲ ਦੀ ਆਵਾਜ਼ ਸੀਨੇ ਨੂੰ ਪਾੜ ਕੇ ਬਾਹਰ ਕੁਦ ਹੀ ਆਈ:

“ਭਾਵੇਂ ਤੂੰ ਕੁਝ ਪਯਾਰ ਨ ਕਰਦੀ,
ਕਾਸ਼, ਕਿ ਤੋਂ ਇਨਕਾਰ ਨ ਕਰਦੀ!”

ਡੂੰਘੇ ਦਿਲ ਦੀ ਤਹਿ ਵਿਚੋਂ ਨਿਕਲੇ ਇਹ ਦੋ ਸ਼ਬਦ ਅੰਦਰਲੇ ਸਦਮੇ ਨੂੰ ਸਾਫ਼ ਤੌਰ ਤੇ ਪ੍ਰਗਟ ਕਰਦੇ ਹਨ। ਭਾਵੇਂ ਆਪਦੀ ਆਪਣੀ ਕਲੀ ਭਰਪੁਰ ਖੇੜੇ ਤੋਂ ਪਹਿਲਾਂ ਹੀ ਮੁਰਝਾ ਗਈ, ਪਰ ਇਸ ਵੇਲੇ ਆਪ ਆਪਣੀ ਬੀਤੀ ਤੇ ਉਜੜੀ ਦੁਨੀਆ ਨੂੰ ਸਾਹਮਣੇ ਰਖਦੇ ਹੋਏ ਦੂਜਿਆਂ ਦੇ ਉਜਾੜੇ ਦਾ ਹਲ ਲਭਣਾ ਆਪਣਾ ਫ਼ਰਜ਼ ਸਮਝਦੇ ਹਨ, ਅਤੇ ਡਿਗਦੇ ਢਹਿੰਦਿਆਂ ਦਾ ਸਹਾਰਾ ਬਣਦੇ ਹਨ। ਆਪ ਨੇ ਸਾਫ਼ ਵੇਖ ਲਿਆ ਹੈ ਕਿ ਦੁਨੀਆ ਦੀ ਚੱਪਾ ਚੱਪਾ ਧਰਤੀ ਦੇ ਲੋਕ ਜੀਵਨ-ਸੰਗ੍ਰਾਮ ਵਿਚ ਜੁਟੇ ਪਏ ਹਨ ਜ਼ਿੰਦਗੀ ਨੂੰ ਸੁਆਰਨ ਲਈ ਆਪਾ ਵਾਰ ਰਹੇ ਹਨ। ਆਪਨੂੰ ਪੂਰਾ ਭਰੋਸਾ ਹੈ ਕਿ ਜਨਤਾ ਦੀ ਜਿਤ 'ਪੱਥਰ ਤੇ ਲਕੀਰ’ ਹੈ, ਕਿਉਂਕਿ ਜਨਤਾ ਅਮਰ ਹੈ। ਇਸ ਲਈ ਆਪ ਮੌਜੂਦਾ ਮਜ਼ਬੂਰੀਆਂ ਤੋਂ ਨਿਰਾਸ ਨਹੀਂ ਹਨ। ਆਪਦੇ ਅੰਦਰ ਉਤਸ਼ਾਹ ਹੈ।

-ਗ-