ਪੰਨਾ:ਜਲ ਤਰੰਗ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖਰੋਚੀਆਂ, ਪਹਾੜ ਫੋਲੇ, ਸਾਗਰ ਹੰਗਾਲੇ, ਜੰਗਲ ਗਾਹੇ, ਰੇਤੜ ਲਤਾੜੇ, ਹਵਾ ਵਿਚ ਉਡਿਆ - ਕਦੀ ਏਥੇ, ਕਦੀ ਓਥੇ-ਪਵਨ ਦਾ, ਧਰਤੀ ਦਾ, ਕੋਈ ਕੋਨਾ ਨਾ ਛਡਿਆ। ਤੇ ਹੁਣ ਚੰਦ ਤਾਰਿਆਂ ਦੀ ਧਰਤੀ ਲਤਾੜਨ ਨੂੰ ਫਿਰਦਾ ਏ ਮਨੁਖ — ਮਹਾਨ ਮਨੁਖ!
ਕੇਡੀ ਵਡੀ ਹਸਤੀ ਏ! ਇਸਦੀ ਸ਼ਕਤੀ ਦਾ ਪਰਵਾਹ ਨਹੀਂ। ਕੁਦਰਤ ਰਸ਼ਕ ਕਰਦੀ ਏ -ਮਨੁਖ ਦੀ ਸ਼ਕਤੀ ਉਤੇ। ਅਸਮਾਨ ਝੁਕ ਜਾਂਦੇ ਨੇ ਇਸ ਦੇ ਆਦਰ ਲਈ। ਤੇ ਤਾਰੇ ਝਿਲਮਿਲਾ ਉਠਦੇ ਨੇ ਇਸਦੇ ਦਰਸ਼ਨਾਂ ਨੂੰ। ਸੂਰਜ ਨੇਮ ਨਾਲ ਮਨੁੱਖ ਦੀ ਸੇਵਾ ਕਰਦਾ ਨਹੀਂ ਥਕਦਾ! ਹਵਾ ਮਨੁਖ ਨੂੰ ਜੀਉਂਦਾ ਰਖਣ ਲਈ ਏਧਰ ਓਧਰ ਨਸੀ ਫਿਰਦੀ ਤਰਲੇ ਲੈ ਰਹੀ ਏ। ਪਾਣੀ ਸਦਾ ਹੀ ਅਸਮਾਨ ਵਿਚ ਉਡ ਉਡ ਕੇ ਵਰਖਾ ਕਰਦਾ ਤੇ ਮਨੁਖ ਦੀ ਰੂਹ ਨੂੰ ਤ੍ਰਿਪਤ ਕਰਦਾ ਏ। ਮਨੁਖ ਦੀ ਤ੍ਰਿਸ਼ਨਾ ਮਿਟਾਉਂਦਾ ਏ। ਇਤਨੀ ਮਹਾਨ ਹਸਤੀ ਏ ਮਨੁਖ ਦੀ। ਦੁਨੀਆ ਦਾ ਹਰ ਪਦਾਰਥ ਮਨੁਖ ਦੇ ਕਦਮਾ ਵਿਚ ਏ।

ਕਿਤਨਾ ਸੁਹਾਵਣਾ ਸਮਾਂ ਸੀ ਜਦੋਂ ਪਸੂ ਆਜ਼ਾਦ, ਪੰਛੀ ਆਜ਼ਾਦ, ਮਨੁਖ ਆਜ਼ਾਦ, ਧਰਤੀ ਦੀ ਹਰ ਸ਼ੈ ਆਜ਼ਾਦ ਸੀ। ਚਾਹੀਦਾ ਤੇ ਇਹ ਸੀ ਕਿ ਜੀਵ ਦੀ ਆਜ਼ਾਦੀ ਵਿਚ ਕੋਈ ਫ਼ਰਕ ਨਾ ਆਉਂਦਾ। ਪਰ ਮਨੁਖ ਦੀ ਅਕਲ ਜਿਉਂ ਜਿਉਂ ਵਧੀ, ਸ਼ਕਤੀ ਵਧੀ, ਸਭਿਅਤਾ ਵਧੀ, ਇਸ ਦੇ ਅੰਦਰ ਬਨਾਵਟ ਆਉਂਦੀ ਗਈ। ਕੁਦਰਤੀ ਜੀਵਨ ਬਨਾਉਟੀ ਜੇਹਾ ਬਣਦਾ ਗਿਆ। ਕੁਝ ਇਕ ਸ਼ਕਤੀਵਾਨ ਮਨੁਖਾਂ ਦੇ ਦਿਲਾਂ

-ਚ-