ਪੰਨਾ:ਜਲ ਤਰੰਗ.pdf/20

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਠੋਕਰਾਂ ਖਾ ਖਾ ਸੰਭਲਦੇ ਜਾਵਣਾ
ਤਜਰਬੇ ਕੌੜੇ ਨਿਗਲਦੇ ਜਾਵਣਾ
ਉਮਰ ਸਾਰੀ ਜ਼ਬਤ ਦੀ ਮੁਹਤਾਜਗੀ
ਤਲਖੀਆਂ ਪੀਣਾ ਹੈ ਮੇਰੀ ਜ਼ਿੰਦਗੀ!

ਉਸਨੂੰ ਤਲਖ਼ੀਆਂ ਪੀਣੀਆਂ ਪਈਆਂ। ਜੀਵਨ ਕੌੜਾ ਕੌੜਾ ਤੇ ਬੇਸੁਆਦ ਜੇਹਾ ਹੋ ਗਿਆ। ਦਿਲ ਨਾ ਕਰੇ ਅਜੇਹਾ ਜੀਵਨ ਜੀਉਣ ਨੂੰ। ਹਥ ਪੈਰ ਮਾਰੇ ਕਿ ਕਿਸੇ ਤਰ੍ਹਾਂ ਜੀਵਨ ਮੁਹਾਵਣਾ ਬਣ ਜਾਏ। ਪਰ ਕੀਮਤਾਂ ਗਲਤ ਪ੍ਰਚਲਤ ਹੋ ਚੁਕੀਆਂ ਸਨ। ਉਸਨੂੰ ਕਈ ਥਾਈਂ ਦੁਖੀ ਹੋਣਾ ਪਿਆ, ਤੇ ਉਸਨੂੰ ਆਪਣੇ ਉਚੇ ਤੇ ਸੁਚੇ ਆਦਰਸ਼ ਦੀ ਪੂਰਤੀ ਲਈ ਵੀ ਪਛਤਾਉਣਾ ਪਿਆ:

ਹੱਸਣ ਨੂੰ ਟਿਕਾਣਾ ਲਭਦਾ ਹਾਂ।
ਰੋਵਣ ਨੂੰ ਟਿਕਾਣਾ ਲਭਦਾ ਹਾਂ
ਹਰ ਖੁਲ ਲਈ ਲਭਦਾ ਧਾਮ ਹਾਂ ਮੈਂ
ਇਸੇ ਲਈ ਅਜ ਬਦਨਾਮ ਹਾਂ ਮੈਂ!

ਪੰਛੀ ਨੂੰ ਪਿਜਰੇ ਚੋਂ ਆ ਕੇ ਉਡਾਣ ਲੱਗਾ
ਮੈਂ ਤੋੜ ਤੋੜ ਸੀਖਾਂ, ਕੈਦੀ ਛੁਡਾਣ ਲੱਗਾ
ਆਜ਼ਾਦੀਆਂ ਦਾ ਆਸ਼ਕ ਬਧਾਮ ਹੋ ਗਿਆ ਹਾਂ
ਬਦਨਾਮ ਹੋ ਗਿਆ ਹਾਂ!

ਮਨੁਖ ਬਦਨਾਮ ਹੋ ਗਿਆ ਕੇਵਲ ਗ਼ਲਤ ਕੀਮਤਾਂ ਪ੍ਰਚਲਤ ਹੋਣ ਕਰਕੇ। ਪਰ ਇਹ ਬਦਨਾਮੀ ਝੂਠੀ ਤੇ ਗ਼ਲਤ ਹੋਣ ਦੇ ਕਾਰਨ ਅਸਹਿ ਸੀ। ਮਨੁਖ ਇਸ ਖੋਖਲੀ ਬਦਨਾਮੀ ਦੇ ਤਲਿਸਮ ਨੂੰ ਤੋੜ ਕੇ ਤਾਰ ਤਾਰ ਕਰ ਦੇਣਾ ਚਾਹੁੰਦਾ ਸੀ। ਉਸ ਵਿਚ ਰੋਹ ਜਾਗਿਆ। ਉਸਨੇ ਸਾਥੀਆਂ ਨੂੰ ਹਲੂਣਿਆ, ਝੰਝੋੜਿਆ:

-ਜ-