ਪੰਨਾ:ਜਲ ਤਰੰਗ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਮੈਂ ਜਨਤਾ ਦਾ ਸ਼ਾਇਰ, ਮੈਂ ਜਨਤਾ ਦੀ ਰੂਹ ਹਾਂ,
ਮੈਂ ਜਨਤਾ ਦੀ ਧੜਕਣ, ਮੈਂ ਜਨਤਾ ਦੀ ਧੂਹ ਹਾਂ,
ਮੇਰੇ ਰਾਗ ਜਨਤਾ ਦੀ ਕੁਖ ਨੇ ਜਣੇ ਨੇ,
ਮੇਰੇ ਗੀਤ ਜਨਤਾ ਦੇ ਦੁਖ ਤੋਂ ਬਣੇ ਨੇ,
ਮੇਰੇ ਨਗ਼ਮਿਆਂ ਵਿੱਚ ਜਨਤਾ ਦਾ ਹਾਸਾ,
ਮੇਰਾ ਨਾਦ ਦੁਖੀਆਂ ਦਾ ਭਰਿਆ ਦਿਲਾਸਾ,
ਕਿਸਾਨਾਂ ਦੇ ਦੁਖੜੇ ਮੇਰੀ ਅੱਜ ਕਵਿਤਾ,
ਮਜੂਰਾਂ ਦੇ ਸਦਮੇ ਮੇਰੀ ਅੱਜ ਕਵਿਤਾ,
ਪੰਜਾਲੀ ਤੇ ਢੱਗੇ ਮੇਰਾ ਅੱਜ ਨਗ਼ਮਾ,
ਹਥੌੜੇ ਤੇ ਦਾਤੀ ਦਾ ਮੇਰਾ ਤਰਾਨਾ,
ਮੈਂ ਸੜਕਾਂ ਤੇ ਸੁੱਤੇ ਗਰੀਬਾਂ ਦਾ ਸ਼ਾਇਰ,
ਮੈਂ ਦਰ ਦਰ ਭਟਕਦੇ ਨਸੀਬਾਂ ਦਾ ਸ਼ਾਇਰ,
ਮੈਂ ਝੁਗੀਆਂ ਦੇ ਅੰਦਰ ਦਾ ਦੀਪਕ ਹਾਂ ਜਗਦਾ,
ਮੈਂ ਪਾਣੀ ਹਾਂ ਅਖੀਆਂ 'ਚੋਂ ਦਿਨ ਰਾਤ ਵਗਦਾ,
ਵਿਲਕਣੀ ਮਸੂਮਾਂ ਦੀ ਅੱਜ ਮੇਰੀ ਕਵਿਤਾ,
ਤੜਫ਼ਣੀ ਅਨਾਥਾਂ ਦੀ ਅਜ ਮੇਰੀ ਕਵਿਤਾ,
ਮੇਰੇ ਗੀਤ ਵਿਧਵਾ ਦਾ ਬੇਰੰਗ ਜੀਵਨ,
ਮੇਰਾ ਨਾਦ ਅਸਮਤ-ਫ਼ਰੋਸ਼ੀ ਦੀ ਤਿਲਕਣ,
ਮੇਰਾ ਰਾਗ ਜੇਲ੍ਹਾਂ 'ਚ ਖਾਂਦਾ ਏ ਗੋਲੀ,
ਮੇਰਾ ਗੀਤ ਸੜਕਾਂ ਤੇ ਖਾਂਦਾ ਏ ਗੋਲੀ,
ਮੈਂ ਸਾੜ੍ਹੀ ਦਾ ਪੱਲੂ ਲਹੂ ਵਿਚ ਨਹਾਤਾ,
ਮੈਂ ਭੁੱਖਾ ਫਿਰਾਂ, ਹੋ ਕੇ ਖ਼ੁਦ ਅੰਨ-ਦਾਤਾ,
ਮੈਂ ਹਾਂ ਹੀਰੋਸ਼ੀਮਾ* ਦੀ ਧਰਤੀ ਦਾ ਖੰਡਰ,
ਮੈਂ ਹਾਂ ਨਾਗਾਸਾਕੀ* ਦਾ ਬਰਬਾਦ ਮੰਜ਼ਰ,


  • ਹੀਰੋਸ਼ੀਮਾ ਤੇ ਨਾਗਾਸਾਕੀ- ਜਾਪਾਨ ਦੇ ਦੋ ਸ਼ਹਿਰ ਜਿਨ੍ਹਾਂ ਨੂੰ ਅਮਰੀਕਾ ਦੇ ਐਟਮ-ਬੰਬਾਂ ਨਾਲ ਖੇਹ ਕਰ ਦਿੱਤਾ।

-੪-