ਪੰਨਾ:ਜਲ ਤਰੰਗ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਗੀਤ ਧਨੀਆਂ ਲਈ ਨਾਗ ਜ਼ਹਿਰੀ,
ਮੈਂ ਜਨਤਾ ਦੇ ਸ਼ਾਇਰ ਦੀ ਇਤਨੀ ਏ ਤਾਕਤ,
ਕਿ ਇਨਸਾਨੀਅਤ ਦੀ ਬਚਾਈ ਮੈਂ ਇੱਜ਼ਤ!
ਜਗਾਇਆ ਏ ਮੈਂ ਚੀਨ ਨੂੰ ਗੀਤ ਗਾ ਕੇ,
ਮੈਂ ਛਡਿਆ ਤਿਲੰਗਾਨਾ ਨੂੰ ਵੀ ਉਠਾ ਕੇ,
ਮਲਾਇਆ ਤੇ ਬਰਮਾ 'ਚ ਮੈਂ ਗਾ ਰਿਹਾ ਹਾਂ!
ਮੈਂ ਸੰਸਾਰ ਉੱਤੇ ਅਮਨ ਲਿਆ ਰਿਹਾ ਹਾਂ!
ਮੈਂ ਝੰਡਾ ਸਦਵੀ ਅਮਨ ਦਾ ਉਠਾਇਆ,
ਮੈਂ ਜ਼ਾਲਮ ਨੂੰ ਇਨਸਾਫ਼ ਕਰਨਾ ਸਿਖਾਇਆ,
ਮੈਂ ਜੇਲ੍ਹਾਂ ਉਡਾਈਆਂ, ਮੈਂ ਸੰਗਲ ਤਰੋੜੇ,
ਬੰਦੂਕਾਂ ਸੰਗੀਨਾਂ ਦੇ ਮੈਂ ਮੂੰਹ ਮੋੜੇ,
ਮੈਂ ਬੰਬਾਂ ਨੂੰ ਪੈਰਾਂ ਦੇ ਹੇਠਾਂ ਦਬਾਇਆ,
ਮੈਂ ਕਾਤਲ 'ਚੋਂ ਜਜ਼ਬਾ ਕਤਲ ਦਾ ਮੁਕਾਇਆ,
ਅਮਨ ਦਾ ਮੈਂ ਹਾਮੀ, ਅਮਨ ਦਾ ਗਵਈਆ,
ਮੈਂ ਹਾਂ ਜ਼ਿੰਦਗੀ ਦੇ ਚਮਨ ਦਾ ਗਵਈਆ,
ਮੈਂ ਮੁਢ ਤੋਂ ਅਮਰ ਹਾਂ, ਅਮਰ ਹੀ ਰਹਾਂਗਾ,
ਸਦੀਵੀ ਅਮਨ ਦਾ ਸੰਦੇਸ਼ਾ ਦਿਆਂਗਾ,
ਅਮਰ ਗੀਤ ਮੇਰਾ ਵਿਸਰ ਹੀ ਨਹੀ ਸਕਦਾ!
ਅਮਰ ਮੇਰੀ ਹਸਤੀ, ਮੈਂ ਮਰ ਹੀ ਨਹੀਂ ਸਕਦਾ!

-੬-