ਪੰਨਾ:ਜਲ ਤਰੰਗ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਫੁੱਲਾਂ ਦੀ ਖ਼ੁਸ਼ਬੂ ਅਪਣੇ ਵਲ
ਭੌਰਾਂ ਨੂੰ ਖਿਚ ਲੈ ਜਾਂਦੀ ਏ!
ਤੇ ਤ੍ਰਿਸ਼ਨਾ ਰਸ ਨੂੰ ਚੂਸਣ ਦੀ
ਮਧੁ-ਮੱਖੀ ਨੂੰ ਖਿਚ ਪਾਂਦੀ ਏ!
ਬਾਗ਼ਾਂ ਦਾ ਹੁਸਨ ਲੁਭਾਉਣਾ ਪਰ
ਮਾਲੀ ਨੂੰ ਸਕਦਾ ਨਹੀਂ ਲੁਭਾ!
ਬੇਕਾਰ ਹੁਸਨ ਦਾ ਜਾਦੂ ਅਜ,
ਉਠ ਸਾਕੀ, ਉਠ ਤਲਵਾਰ ਉਠਾ!

ਤਕ ਤਕ ਮੈਖ਼ਾਨੇ ਤੇਰੇ ਨੂੰ
ਪਈ ਜਿੰਦ ਮੇਰੀ ਅੱਜ ਕੁੜ੍ਹਦੀ ਏ!
ਰਿੰਦਾਂ ਦੀ ਹਾਇ ਜਵਾਨੀ ਪਈ
ਮਦਰਾ ਵਿਚ ਐਵੇਂ ਰੁੜ੍ਹਦੀ ਏ!
ਮਦਹੋਸ਼ ਦੇਖ ਕੇ ਨੈਣ ਤੇਰੇ
ਕੁਲ ਮੈਖ਼ਾਨਾ ਮਦਹੋਸ਼ ਪਿਆ!
ਮਦਹੋਸ਼ੀ ਛਡ, ਹੁਣ ਤੈਸ਼ 'ਚ ਆ,
ਉਠ ਸਾਕੀ, ਉਠ ਤਲਵਾਰ ਉਠਾ!

-੧੮-