ਪੰਨਾ:ਜਲ ਤਰੰਗ.pdf/62

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਥੀ!

ਕੌਣ ਫ਼ਰਿਆਦ ਸੁਣੇ ਤੇਰੀ ਐ ਰੋਵਣ ਵਾਲੇ?
ਐਵੇਂ ਰੋ ਰੋ ਕੇ ਪਿਆ ਦੀਦਿਆਂ, ਬਰਬਾਦ ਨਾ ਕਰ!
ਤੇਰੇ ਨਰਕਾਂ ਨੂੰ ਇਹ ਸਾਗਰ ਨਹੀਂ ਧੋਵਣ ਵਾਲੇ!
ਲਹਿਰਾਂ 'ਚ ਘਿਰ ਕੇ ਤੂੰ ਲਹਿਰਾਂ ਅਗੇ ਫ਼ਰਿਆਦ ਨ ਕਰ!

ਹਾੜੇ ਕਢ ਵੇਖ ਲਿਆ, ਮਿੰਨਤ ਕਰ ਹਾਰ ਗਿਆ!
ਘੜੇ ਚਿਕਨੇ ਤੇ ਨ ਇਕ ਬੂੰਦ ਵੀ ਹੰਝੂਆਂ ਦੀ ਟਿਕੀ!
ਤੇਰੇ ਦੁਖ, ਤੇਰੇ ਹੀ ਗ਼ਮ, ਤੇਰੇ ਉਤੇ ਭਾਰ ਪਿਆ!
ਤੇਰੀ ਬਦਬਖ਼ਤੀ ਦੀ ਪਰ ਲੀਕ ਨ ਅਜ ਤੀਕ, ਮਿਟੀ!

ਕਰੋਂਗਾ ਜ਼ਮੀਰ-ਫ਼ਰੋਸ਼ੀ ਕਦ ਤਕ ਐ, ਸਾਬੀ?
ਜ਼ੁਲਮ ਤੇ ਜਬਰ ਤੇ ਡੋਲ੍ਹੇਂਗਾ ਤੂੰ ਅਥਰੂ ਕਦ ਤਕ?
ਕਦ ਤਕ ਸਬਰ? ਕਦੋਂ ਤੀਕ ਮਿੰਨਤ ਐ ਸਾਥੀ?
ਰੁਲੇਗੀ ਪੈਰਾਂ 'ਚ ਇਉਂ ਇੱਜ਼ਤ ਅਬਰੂ ਕਦ ਤਕ?

-੩੭-