ਪੰਨਾ:ਜਲ ਤਰੰਗ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸੇ ਨੂੰ ਤੂੰ ਤਵੀਆਂ ਦੇ ਉੱੱਤੇ ਜਲਾਇਆ!
ਤੂੰ ਦੁਨੀਆ 'ਚ ਜਿਹੜੀ ਵੀ ਸ਼ੈ ਹੈ ਬਣਾਈ,
ਹਰਿਕ ਵਿੱਚ ਤੈਥੋਂ ਨਕਸ ਰਹਿ ਗਿਆ ਏ!
ਇਹ ਤੈਥੋਂ ਹੀ ਸਾਗਰ ਦੀ ਤਹਿ ਵਿੱਚ ਨੀਲਾ
ਅਕਾਸ਼ਾਂ ਦਾ ਫਸ ਕੇ ਅਕਸ ਰਹਿ ਗਿਆ ਏ!
ਤੂੰ ਹਰ ਸ਼ੈ ਨੂੰ ਬੇਨੁਕਸ ਰਖਣਾ ਜੇ ਚਾਹੁੰਦਾ,
ਤਾਂ ਫੜ ਕੇ ਕਿਨ੍ਹੇਂ ਹਥ ਹਟਾਣਾ ਸੀ ਤੇਰਾ?
ਤੂੰ ਭੁਲਿਆ ਏਂ ਖ਼ੁਦ ਦੇ ਜਹਾਨਾਂ ਦੇ ਮਾਲਕ,
ਖ਼ਦਾਈ ਦਾ ਕਿਹੜਾ ਨਿਸ਼ਾਨਾ ਸੀ ਤੇਰਾ!

ਰਬ ਵੱਲੋਂ ਜਵਾਬ:

ਓ ਮਿੱਟੀ ਦੇ ਪੁਤਲੇ! ਓ ਹੈਰਤ ਦੀ ਮੂਰਤ!
ਓ ਆਸ਼ਕ ਖ਼ੁਦੀ ਦੇ! ਓ ਗ਼ੈਰਤ ਦੀ ਮੂਰਤ!
ਓ ਇਨਸਾਨ, ਤੂੰ ਵੀ ਤਾਂ ਮੇਰੀ ਏਂ ਰਚਨਾ!
ਤੂੰ ਮੇਰੀ ਹੀ ਰਚਨਾ ਤੋਂ ਚਾਹੁੰਦਾ ਏਂ ਬਚਣਾ?
ਜੇ ਦੁਨੀਆ ਦੇ ਅੰਦਰ ਬਰਾਈ ਨ ਹੁੰਦੀ,
ਤਾਂ ਵੇਖਣ ਨੂੰ ਕਿਧਰੇ ਭਲਾਈ ਨ ਹੁੰਦੀ!
ਜੇ ਦੁਨੀਆ 'ਚ ਕਿਧਰੇ ਹਨੇਰਾ ਨਾ ਹੁੰਦਾ,
ਤਾਂ ਜੀਵਨ 'ਚ ਕਿਧਰੇ ਸਵੇਰਾ ਨ ਹੁੰਦਾ!
ਜੇ ਦੁਨੀਆ 'ਚ ਕਿਧਰੇ, ਕੁੜੱਤਣ ਨ ਹੁੰਦੀ,
ਤਾਂ ਮਿੱਠਾਸ ਦੇ ਵਿੱਚ ਮਿੱਠਤ ਨ ਰਹਿੰਦੀ!
ਜੇ ਜੀਵਨ 'ਚ ਕੋਈ ਮੁਸੀਬਤ ਨ ਜਰਦਾ,
ਤਾਂ ਜੀਵਨ ਦੀ ਕੋਈ ਕਦਰ ਹੀ ਨ ਕਰਦਾ।
ਅਸਲ ਦੀ ਨਕਲ ਜੇ ਨਿਕਲਦੀ ਨ ਕੋਈ,
ਅਸਲ ਦੀ ਪਰਖ ਵੀ ਤਾਂ ਮਿਲਦੀ ਨ ਕੋਈ!

-੪੬-