ਪੰਨਾ:ਜਲ ਤਰੰਗ.pdf/83

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੀ ਗਰਾਹੀ ਖੋਹ ਕੇ ਉਹ ਅਪਣੇ ਮੂੰਹ ’ਚ ਪਾਂਦਾ।
ਨਾ ਕੋਈ ਜੂਠ ਮੰਨਦਾ, ਸੱਚੇ ਸਾਂ ਦੋਵੇਂ ਹਾਣੀ।
ਨਾ ਕੋਈ ‘ਹਿੰਦੂ ਰੋਟੀ’ ਨਾ ‘ਮਸਲਮਾਨ ਪਾਣੀ’।
ਭਾਈਏ ਮੇਰੇ ਨੂੰ ਉਹ ਵੀ ਕਹਿੰਦਾ ਸੀ ਹੁੰਦਾ ‘ਭਾਈਆ’!
ਤੇ ਅੱਬਾ ਓਸਦੇ ਨੂੰ ਮੈਂ ਆਖਦਾ ਸਾਂ ‘ਅੱਬਾ’।
ਮੈਂ ਉਸਦੀ ਮਾਂ ਨੂੰ ‘ਅੰਮਾ’, ਉਹ ਮੇਰੀ ਮਾਂ ਨੂੰ ‘ਭਾਬੀ’।
ਆਈ ਨਹੀਂ ਸੀ ਸਾਡੇ ਦਿਲ ਵਿਚ ਕੋਈ ਖ਼ਰਾਬੀ!

ਵੱਡਾ ਹਾਂ ਹੁਣ ਮੈਂ, ਉਹ ਵੀ ਹੁਣ ਵੱਡਾ ਹੋ ਗਿਆ ਏ।
ਵਿਚਕਾਰ ਪਰ ਅਸਾਡੇ ਇਕ ਖੱਡਾ ਹੋ ਗਿਆ ਏ।
ਹੁਣ ਮੈਂ ਵੀ ਪੜ੍ਹ ਗਿਆ ਹਾਂ, ਤੇ ਉਹ ਵੀ ਪੜ੍ਹ ਗਿਆ ਏ।
ਮੰਦਰ ’ਚ ਲੁਕਿਆ ਮੈਂ, ਉਹ ਮਸਜਿਦ ’ਚ ਵੜ ਗਿਆ ਏ।
ਮਿੱਟੀ 'ਚ ਮੈਂ ਨਹੀਂ ਰਲਦਾ, ਉਹ ਵੀ ਹੈ ਸਾਫ਼ ਰਹਿੰਦਾ।
ਇਕ ਦੂਸਰੇ ਦਾ ਦਿਲ ਪਰ ਵਿੱਚੋਂ ਖ਼ਿਲਾਫ਼ ਰਹਿੰਦਾ।
ਦੂਈ ਦਿਲਾਂ ’ਚ ਸਾਡੇ ਆ ਗਈ ਏ ਇਤਨੀ ਡਾਢੀ,
ਰੁਲ ਰੁਲ ਕੇ ਹੋ ਰਹੀ ਏ ਮਿੱਟੀ ਖ਼ਰਾਬ ਸਾਡੀ!
ਉਹ ਹੁਣ ਵੀ ਰੋਟੀ ਖੋਂਹਦਾ ਹੈ, ਪਰ ਦਗ਼ਾ ਕਮਾ ਕੇ।
ਮੈਂ ਵੀ ਹਾਂ ਰੋਟੀ ਖੋਂਹਦਾ, ਪਰ ਹੁਣ ਛੁਰੀ ਚਲਾ ਕੇ।
ਉਹ ਵੀ ਨਹੀਂ ਜੂਠ ਖਾਂਦਾ, ਮੈਂ ਵੀ ਨਹੀਂ ਜੂਠ ਖਾਂਦਾ।
ਪਰ ਸੁੱਚੇ ਹੋ ਕੇ ਕਠਿਆਂ ਬੈਠਾ ਨਹੀਂ ਏ ਜਾਂਦਾ।
ਤੇ ‘ਸੁਚ’ ਇਹ ਅਸਾਡੀ ਵੇਖੇ ਜੇ ਕੋਈ ਆ ਕੇ-
ਸੁੱਚੇ ਬਣੇ ਹਾਂ ਬੈਠੇ ਤੀਜੇ ਦੀ ਜੂਠ ਖਾ ਕੇ।
ਭਾਈਏ ਮੇਰੇ ਨੂੰ ਅਜਕਲ ਉਹ ਆਖਦਾ ਹੈ ‘ਕਾਫ਼ਰ’।
ਅੱਬਾ ਉਹਦੇ ਨੂੰ ‘ਮੁਸਲਾ’ ਕਹਿ ਮੈਂ ਕਰਾਂ ਨਿਰਾਦਰ।
ਉਹ ਮੇਰੀ ਮਾਂ ਨੂੰ ‘ਸਿਖੜੀ’, ਮੈਂ ਉਸਦੀ ਮਾਂ ਨੂੰ ‘ਮੁਸਲੀ’।
ਇਕ ਦੂਜੇ ਦੀ ਹਾਂ ਕਰਦੇ ਤੀਜੇ ਦੇ ਕੋਲ ਚੁਗ਼ਲੀ।

-੫੮-