ਪੰਨਾ:ਜਲ ਤਰੰਗ.pdf/85

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਕਵਿਤਾ ਜਾਗਦੀ ਏ

ਜਦ ਯਾਦ ਕਿਤੇ ਆ ਜਾਂਦੀ ਏ,
ਰੂਹ ਤੜਪ ਤੜਪ ਚਿਚਲਾਂਦੀ ਏ,
ਅਖ ਦਰਸ਼ਨ ਨੂੰ ਲਲਚਾਂਦੀ ਏ,
ਕੁਝ ਜੀਭ ਸੁਨਾਣਾ ਚਾਂਹਦੀ ਏ,
ਕੰਨ ਸੁਣਨ ਲਈ ਕੁਝ ਤਰਸ ਜਾਣ,
ਅਖੀਆਂ 'ਚੋਂ ਤਾਂਘਾਂ ਬਰਸ ਜਾਣ,
ਮੈਂ ਵਲਵਲਿਆਂ ਨੂੰ ਟੋਂਹਦਾ ਹਾਂ,
ਲਫ਼ਜ਼ਾਂ ਦੀ ਨੀਂਦਰ ਖੋਂਹਦਾ ਹਾਂ,
ਕਾਗ਼ਜ਼ ਦੀ ਜਾਨ ਸਕਾਂਦਾ ਹਾਂ,
ਤੇ ਖ਼ੂਨ ਕਲਮ ਦਾ ਚੋਂਦਾ ਹਾਂ,
ਕੁਝ ਕਹਿੰਦਾ ਹਾਂ, ਕੁਝ ਸੁਣਦਾ ਹਾਂ,
ਸੁਰਤੀ ਵਿਚ ਕੋਲ ਬਠਾ ਲੈਨਾ!
ਸੁੱਤੀ ਹੋਈ ਕਵਿਤਾ ਸਦੀਆਂ ਦੀ
ਮੈਂ ਮੁੜ ਕੇ ਝੂਣ ਜਗਾ ਲੈਨਾ!

ਜ਼ੁਲਫ਼ਾਂ ਦੇ ਕੰਡਲ ਵੇਖ ਵੇਖ
ਮੈਂ ਹਰਫ਼ ਬਣਾਂਦਾ ਜਾਂਦਾ ਹਾਂ।
ਨੈਣਾ ਵਿਚ ਰਸ ਭਰਪੂਰ ਵੇਖ
ਲਫ਼ਜ਼ਾਂ ਵਿਚ ਰਸ ਸਰਚਾਂਦਾ ਹਾਂ।
ਵੰਗਾਂ ਅਸਮਾਨੀ ਵੇਖ ਵੇਖ
ਹਰ ਖ਼ਿਆਲ-ਉਡਾਰੀ ਲਾਂਦਾ ਹਾਂ।
ਜੋਬਨ ਦਾ ਆਇਆ ਹੜ੍ਹ ਤਕ ਕੇ
ਸਤਰਾਂ ਵਿਚ ਹੜ੍ਹ ਲੈ ਆਂਦਾ ਹਾਂ।

-੬੦-