ਪੰਨਾ:ਜਲ ਤਰੰਗ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ


ਨਾਜ਼ਕ ਜਹੇ ਪੋਟੇ ਛੁਹ ਛੁਹ ਕੇ
ਹਰ ਨਕਸ਼ ਬਣਾਂਦਾ ਜਾਂਦਾ ਹਾਂ।
ਹਰ ਅੰਗ ਅੰਗ, ਹਰ ਹਾਵ ਭਾਵ
ਸਾਕਾਰ ਦਿਖਾਂਦਾ ਜਾਂਦਾ ਹਾਂ।
ਗਲ ਲਾਂਦਾ ਹਾਂ, ਚੁੰਮ ਲੈਂਦਾ ਹਾਂ,
ਤੇ ਅਪਣਾ ਆਪ ਗੁਆ ਲੈਨਾ!
ਆਪੇ ਵਿਚ ਸੁੱਤੀ ਕਵਿਤਾ ਨੂੰ
ਮੈਂ ਮੁੜ ਕੇ ਝੂਣ ਜਗਾ ਲੈਨਾ!



ਇਕ ਦਿਨ ਉਹ ਮੈਥੋਂ ਰੁੱਠ ਗਈ,
ਤੇ ਰੁਠ ਕੇ ਰੌਲਾ ਪਾ ਦਿੱਤਾ:
“ਇਹ ਕਵੀ ਨਹੀਂ! ਇਹ ਕਵੀ ਨਹੀਂ!
“ਇਸ ਜਗ ਨੂੰ ਝੂਠ ਸੁਣਾ ਦਿੱਤਾ!
“ਮੈਂ ਇਸਦੇ ਦਿਲ ਦੀ ਕਵਿਤਾ ਹਾਂ,
“ਇਕ ਇੱਕ ਹਰਫ਼ ਹੈ ਅੰਗ ਮੇਰਾ!
“ਕਵਿਤਾ ਵਿਚ ਮਸਤੀ ਮੇਰੀ ਏ!
“ਹੈ ਲਫ਼ਜ਼ ਲਫ਼ਜ਼ ਵਿਚ ਰੰਗ ਮੇਰਾ!”
ਮੈਂ ਮੁਨਕਰ ਹੁੰਦਾ ਜਾਂਦਾ ਸਾਂ,
ਉਹ ਸੱਚ ਸੁਣਾਂਦੀ ਜਾਂਦੀ ਸੀ!
ਮੇਰੇ ਹਿਰਦੇ ਦੀ ਤ੍ਰਿਸ਼ਨਾ ਨੂੰ
ਉਹ ਆਪ ਬੁਝਾਂਦੀ ਜਾਂਦੀ ਸੀ!
ਇਉਂ ਕਦੀ ਕਦੀ ਮੈਂ ਝੂਠ ਬੋਲ
ਆਪੇ ਹੀ ਉਹਨੂੰ ਖਿਝਾ ਲੈਨਾ!
ਹਠ ਕਰ ਕੇ ਸੁੱਤੀ ਕਵਿਤਾ ਨੂੰ
ਮੈਂ ਮੁੜ ਕੇ ਝੂਣ ਜਗਾ ਲੈਨਾ!

-੬੧-