ਪੰਨਾ:ਜਲ ਤਰੰਗ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਿਠੀਆਂ ਗੱਲਾਂ ਤੇ ਬੁਲ੍ਹੀਆਂ ਵਿਚ ਮੁਸਕਾਉਣਾ ਇੰਜ ਲਗਦਾ ਹੈ ਜਿਵੇਂ ਨੀਲੇ ਆਕਾਸ਼ ਵਿਚ ਤਾਰਿਆਂ ਦੇ ਝੁੰਡ ਵਿਚ ਚੰਦ ਮੁਸਕਾ ਰਿਹਾ ਹੋਵੇ। ਆਪਨੂੰ ਇਕੱਲੇ ਫਿਰਦਿਆਂ ਬਹੁਤ ਘਟ ਦੇਖਿਆ ਜਾਂਦਾ ਹੈ। ਨਾ ਹੀ ਇਕੱਲੇ ਖਾਣ ਪੀਣ ਵਿਚ ਖ਼ੁਸ਼ ਰਹਿੰਦੇ ਹਨ। ਜਦ ਵੀ ਦੇਖੋ, ਇਕ ਦੋ ਸਾਥੀ ਆਪਦੇ ਨਾਲ ਜ਼ਰੂਰ ਮੌਜੂਦ ਹੋਣਗੇ। ਪਰ ਹੈਰਾਨੀ ਦੀ ਗੱਲ ਇਹ ਹੈ, ਦਿਨ ਰਾਤ ਦੋਸਤਾਂ ਨਾਲ ਫਿਰਨਾ, ਦੋਸਤਾਂ ਦੀਆਂ ਮਹਿਫ਼ਲਾਂ ਵਿਚ ਖਾਣਾ ਪੀਣਾ, ਫਿਰ ਵੀ ਆਪਣੇ ਚਿਹਰੇ ਉੱਤੇ ਨਿਰਾਸਤਾ ਕਿਉਂ ਛਾਈ ਰਹਿੰਦੀ ਹੈ? ਚਿਹਰੇ ਤੋਂ ਤਕ ਕੇ ਪਤਾ ਚਲਦਾ ਹੈ, ਆਪ ਨੂੰ ਕਿਸੇ ਗੱਲ ਦੀ ਚਿੰਤਾ ਲਗੀ ਹੋਈ ਹੈ! ਆਪ ਹਮੇਸ਼ਾ ਸੋਚਾਂ ਵਿਚ ਗ਼ਲਤਾਨ ਨਜ਼ਰ ਆਉਂਦੇ ਹਨ।

‘ਖ਼ਾਕ’ ਹੁਰਾਂ ਦਾ ਪਿਆਰ ਭਰਿਆ ਦਿਲ ਭੁੱਖੀ ਜਨਤਾ ਨੂੰ ਵੀ ਮਨੋ ਤਨੋ ਪਿਆਰਦਾ ਹੈ। ਜਦ ਕਿਤੇ ਆਪਨੂੰ ਸੜਕਾਂ ਉੱਤੇ ਸੁੱਤੇ ਇਨਸਾਨ ਨਜ਼ਰ ਆ ਜਾਣ ਆਪਦੀਆਂ ਅੱਖਾਂ ਵਿਚ ਹੰਝੂ ਆ ਜਾਂਦੇ ਹਨ। ਹੰਝੂਆਂ ਮਗਰੋਂ ਲਾਲ ਡੋਰੇ ਦਿਸਦੇ ਹਨ, ਤੇ ਡੋਰਿਆਂ ਮਗਰੋਂ ਕੋਧ ਦੇ ਅੰਗਿਆਰ, ਜਿਵੇਂ ਆਪਦੇ ਦਿਲ ਉੱਤੇ ਮਿੱਟੀ-ਰੁਲਦੀ ਇਨਸਾਨੀਅਤ ਨੇ ਕਾਫ਼ੀ ਅਸਰ ਕੀਤਾ ਹੋਵੇ, ਤੇ ਆਪ ਇਸ ਗਲੇ ਸੜੇ ਨਜ਼ਾਮ ਨੂੰ ਸਾੜ ਕੇ ਭਸਮ ਕਰ ਦੇਣਗੇ। ਜਿਵੇਂ ਸਾਵਨ ਦੇ ਕਾਲੇ ਸ਼ਾਹ ਬੱਦਲਾਂ ਵਲ ਤਕ ਤਕ ਕੇ ਮੋਰ ਚਾਂਘਾਂ ਮਾਰਦਾ ਹੈ, ਇੰਜ ਇਨਸਾਨ ਦੇ ਸਿਰ ਤੇ ਜ਼ੁਲਮੀ ਘਟਾਵਾਂ ਚੜ੍ਹੀਆਂ ਦੇਖ ਆਪਦੀ ਰੂਹ ਵਿਲਕਦੀ ਅਤੇ ਸ਼ੋਰ ਮਚਾਉਂਦੀ,

-ਅ-