ਪੰਨਾ:ਜ਼ਿੰਦਗੀ ਦੇ ਰਾਹ ਤੇ.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਗ਼ੁਲਾਮੀ ਦੀ ਜ਼ਿੰਦਗੀ ਦਾ ਖ਼ਾਤਮਾ ਕਰਨ। ਇਸ ਮੰਤਵ ਵਿਚ ਇਸਤ੍ਰੀਆਂ ਜਿਥੋਂ ਤਕ ਸਫ਼ਲ ਹੋਈਆਂ ਹਨ, ਇਹ ਸਾਡੀਆਂ ਅੱਖੀਆਂ ਦੇ ਸਾਹਮਣੇ ਹੈ। ਹਿੰਦੁਸਤਾਨ ਵਿਚ ਇਹ ਲਹਿਰ ਅਜੇ ਹੁਣੇ ਹੁਣੇ ਹੀ ਸ਼ੁਰੂ ਹੋਈ ਹੈ ਤੇ ਅਜੇ ਕਾਫ਼ੀ ਜ਼ੋਰਾਂ ਤੇ ਨਹੀਂ। ਇਸਤ੍ਰੀਆਂ ਗ਼ਲਤੀ ਤੇ ਹਨ ਕਿ ਮਰਦ, ਇਸ ਗੱਲ ਦਾ ਨਿਰਣਾ ਕਰਨਾ ਔਖਾ ਹੈ, ਕਿਉਂਕਿ ਦੋਵੇਂ ਇਕ ਦੂਜੇ ਤੇ ਦੋਸ਼ ਥੱਪਣ ਦੀ ਕਰਦੇ ਹਨ, ਆਪਣੀ ਬੁੱਕਲ ਵਿਚ ਝਾਤੀ ਨਹੀਂ ਮਾਰਦੇ। ਅਸੀਂ ਅਗੇ ਸੁਖੀ ਸਾਂ ਕਿ ਹੁਣ, ਇਹ ਵੀ ਇਕ ਮੁਸ਼ਕਲ ਜਿਹਾ ਸਵਾਲ ਹੈ। ਹਕੂਮਤ ਦੀ ਜ਼ਿੰਦਗੀ ਵਿਚ ਹਾਕਮ ਤਾਂ, ਸੁਖੀ ਹੁੰਦਾ ਹੈ, ਪਰ ਗ਼ੁਲਾਮ ਲਈ ਉਤਨਾ ਚਿਰ ਹੀ ਸੁਖ ਹੈ, ਜਦ ਤਕ ਉਸ ਨੂੰ ਆਪਣੀ ਗ਼ੁਲਾਮੀ ਦੀ ਸੋਝੀ ਨਾ ਹੋਵੇ। ਜਦ ਉਸਦੇ ਦਿਲ ਵਿਚ ਇਹ ਖ਼ਿਆਲ ਪੈਦਾ ਹੋ ਜਾਏ ਕਿ ਉਹ ਗ਼ੁਲਾਮ ਹੈ ਤਾਂ ਜਦ ਤਕ ਗੁਲਾਮੀ ਦੇ ਛੌੜ ਨਾ ਕੱਟੇ ਜਾਣ, ਗ਼ੁਲਾਮ ਦੁਖੀ ਤੇ ਅਸੰਤੁਸ਼ਟ ਹੀ ਰਹਿੰਦਾ ਹੈ। ਹਾਕਮ ਲਈ ਐਸਾ ਗ਼ੁਲਾਮ ਬਾਗ਼ੀ ਹੈ, ਕਿਉਂਕਿ ਉਹ ਹਾਕਮ ਦੀ ਹਕੂਮਤ ਖੋਹਣਾ ਚਾਹੁੰਦਾ ਹੈ ਤੇ ਉਸ ਦਾ ਸੁਖ ਘਟਾਂਦਾ ਹੈ, ਪਰ ਬਾਗ਼ੀ ਆਪਣੇ ਹੱਕ ਮੰਗਦਾ ਹੈ ਤੇ ਇਸ ਗੱਲ ਤੋਂ ਇਨਕਾਰ ਕਰਦਾ ਹੈ ਕਿ ਹਾਕਮ ਨੂੰ ਉਸ ਤੇ ਹਕੂਮਤ ਕਰਨ ਦਾ ਹੱਕ ਰੱਬ ਵਲੋਂ ਮਿਲਿਆ ਹੈ। ਠੀਕ ਇਹੀ ਹਾਲਤ ਇਸਤ੍ਰੀਆਂ ਦੀ ਹੈ। ਕਈ ਸਦੀਆਂ ਤੋਂ ਮਰਦ ਦਾ ਰਾਜ ਚਲਿਆ ਆ ਰਿਹਾ ਹੈ ਤੇ ਹੁਣ ਉਹ ਆਪਣੀ ਤਾਕਤ ਖੁਸਦੀ ਦੇਖ ਕੇ ਕਈ ਤਰ੍ਹਾਂ ਦੀਆਂ ਚਾਲਾਂ ਚੱਲਣ ਦੀ ਕਰਦੇ ਹਨ ਤੇ ਡੰਕੇ ਦੀ ਚੋਟ ਕਹਿ ਰਹੇ ਹਨ ਕਿ "ਇਸਤ੍ਰੀ ਆਜ਼ਾਦ ਹੋ ਕੇ ਸੁਖੀ ਕਦੇ ਨਹੀਂ ਰਹਿ ਸਕਦੀ, ਆਦਮੀ ਦੀ ਛਤਰ ਛਾਇਆ ਹੇਠ ਹੀ ਸੁਖ ਭੋਗ ਸਕਦੀ ਹੈ।" ਇਸਤ੍ਰੀਆਂ ਨੂੰ ਆਜ਼ਾਦੀ ਪ੍ਰਾਪਤ ਕਰਨ ਦੀ ਲਾਲਸਾ ਲੱਗੀ ਹੋਈ ਹੈ ਤੇ ਉਹ ਹੁਣ ਕਿਸੇ ਫੰਦੇ ਵਿਚ ਵੀ ਫ਼ਸਣ ਨੂੰ ਤਿਆਰ ਨਹੀਂ। ਸੁਖ

੧੨