ਪੰਨਾ:ਜ਼ਿੰਦਗੀ ਦੇ ਰਾਹ ਤੇ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੁਖ ਦਾ ਤੇ ਸਵਾਲ ਹੀ ਕੋਈ ਨਹੀਂ, ਜ਼ਮਾਨੇ ਦੀ ਲਹਿਰ ਚੱਲ ਰਹੀ ਹੈ, ਨਾ ਸਾਡੇ ਰੋਕਿਆਂ ਰੁਕ ਸਕਦੀ ਹੈ ਤੇ ਨਾ ਕਿਸੇ ਹੋਰ ਦੇ ਆਖੇ ਰੁਕਣੀ ਹੈ। ਇਸਦਾ ਅੰਤ ਕੀ ਹੋਵੇਗਾ, ਰੱਬ ਜਾਣੇ! ਪਰ ਅਸੀਂ ਇਸ ਗੱਲ ਤੋਂ ਮੁੱਕਰ ਨਹੀਂ ਸਕਦੇ ਕਿ ਸਾਡੇ ਦੇਸ ਵਿਚ ਇਸਤ੍ਰੀ ਦੀ ਹਾਲਤ ਬੜੀ ਤਰਸਯੋਗ ਹੈ।

ਧੀ ਜੰਮਦੀ ਹੈ ਤਾਂ ਬਸ ਮਾਪਿਆਂ ਦੇ ਭਾਣੇ ਤਾਂ ਪਹਾੜ ਆ ਡਿਗਦਾ ਹੈ। ਧੀ ਦਾ ਜੰਮਨਾ ਮੰਦੇ ਭਾਗ ਸਮਝੇ ਜਾਂਦੇ ਸਨ। ਧੀ ਦੇ ਜਨਮ ਤੇ ਨ ਕਦੇ ਕਿਸੇ ਲੱਡੂ ਵੰਡੇ ਹਨ ਤੇ ਨਾ ਹੀ ਵਧਾਈਆਂ ਲੈਣ ਦੇਣ ਹੋਈਆਂ ਹਨ। ਨਾਮ ਕਰਨ ਸੰਸਕਾਰ ਵੀ ਐਵੇਂ ਹੀ ਹੁੰਦਾ ਹੈ, ਜੋ ਕਿਸੇ ਨੇ ਬੁਲਾਣਾ ਸ਼ੁਰੂ ਕਰ ਦਿਤਾ ਉਹੀ ਨਾਂ ਹੋ ਗਿਆ। ਧੀ ਜਿੱਥੇ ਮਰਜ਼ੀ ਹੈ ਪਈ ਰੁਲੇ, ਖੇਹ ਖਾਏ, ਕੋਈ ਪ੍ਰਵਾਹ ਨਹੀਂ। ਜੇ ਮਰ ਜਾਏ ਤਾਂ ਦੋ ਅਥਰੂ ਕੇਰ ਛੱਡੋ, ਬਸ ਖਲਾਸੀ ਮੁੱਕੀ, ਜੇ ਜਿਉਂਦੀ ਰਹੇ ਤਾਂ ਜੋ ਕਰਮਾਂ ਵਿਚ ਹੋਵੇਗਾ ਸੂ ਲੈ ਜਾਏਗੀ। ਜੇ ਕੁਝ ਬੀਮਾਰ ਹੋ ਜਾਏ ਤਾਂ ਜੋ ਕਿਸੇ ਆਂਢਣ ਗੁਆਂਢਣ ਨੇ ਦਸ ਦਿੱਤਾ ਕਰ ਦਿੱਤਾ; ਜੇ ਵੱਲ ਹੋ ਗਈ ਤਾਂ ਖ਼ੈਰ ਸੱਲਾ ਨਹੀਂ ਤੇ ‘ਖਾਏ ਖਸਮਾਂ' ਨੂੰ। ਜੇ ਕੁੜੀ ਭੁੱਖੀ ਲੂਸੜੀਆਂ ਲੈਂਦੀ ਹੈ ਤੇ ਹਾਲ ਪਾਹਰਿਆ ਕਰਦੀ ਹੈ ਤਾਂ ‘ਰੋਵ ਜੰਮਦਿਆਂ ਨੂੰ ਮਾਂ ਨੂੰ ਕੀ? ਜੇ ਪਾਲੇ ਪਈ ਠਰਦੀ ਤਾਂ ਪਈ ਠਰੇ, ਜੇ ਕੋਈ ਪੁਰਾਣੇ ਕਪੜੇ ਪਏ ਹੋਣ ਤਾਂ ਗਲ ਪਾ ਛੱਡੇ ਨਹੀਂ ਤਾਂ ਬੇਸ਼ਕ ਨਮੂਨੀਆ ਹੋ ਜਾਏ।

ਇਸ ਤਰ੍ਹਾਂ ਰੁਲ ਖੁਲ ਕੇ ਜਦ ਕੁੜੀ ਸੱਤਾਂ ਅੱਠਾਂ ਸਾਲਾਂ ਦੀ ਹੋ ਜਾਂਦੀ ਹੈ ਉਸ ਲਈ ਘਰ ਦੇ ਕੰਮ ਕਾਜ ਕਰਨੇ ਜ਼ਰੂਰੀ ਹੋ ਜਾਂਦੇ ਹਨ। ਕੋਈ ਨਿਕਾ ਭਰਾ ਹੋਵੇ ਤਾਂ ਉਹਨੂੰ ਖਿਡਾਣਾ ਤੇ ਭੁਆਣਾ, ਵੱਡਿਆਂ ਨੂੰ ਪਾਣੀ ਧਾਣੀ ਦੇਣਾ, ਆਟਾ ਗੁੰਨ੍ਹਣ ਦੀ ਜਾਚ ਸਿਖਣੀ


੧३