ਪੰਨਾ:ਜ਼ਿੰਦਗੀ ਦੇ ਰਾਹ ਤੇ.pdf/113

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹਨ। ਕੋਰਸ ਚੁਣਨ ਵਿਚ ਜਾਂ ਬਨਾਣ ਵਿਚ ਉਸਤਾਦਾਂ ਦਾ ਕੋਈ ਹੋਰ ਨਹੀਂ, ਉਹਨਾਂ ਨੂੰ ਚੰਗੇ ਲਗਣ ਜਾਂ ਨਾ, ਉਹੋ ਹੀ ਕਿਤਾਬਾਂ ਪੜ੍ਹਣੀਆਂ ਪੈਂਦੀਆਂ ਹਨ ਜੋ ਮੁਕੱਰਰ ਹੋਣ। ਸ਼ਾਗਿਰਦਾਂ ਨੂੰ ਕਿਸੇ ਕਿਤਾਬ ਦੀ ਸਮਝ ਆਵੇ ਜਾਂ ਨਾ ਆਵੇ ਉਸ ਨੂੰ ਘੋਟਾ ਲਾਣਾ ਪੈਂਦਾ ਹੈ ਜੋ ਮੁਕੱਰਰ ਹੋਵੇ। ਵਿਦਿਅਕ ਮਹਿਕਮਾ ਤੇ ਯੂਨੀਵਰਸਿਟੀ ਇਮਤਿਹਾਨਾਂ ਨੂੰ ਆਰਥਕ ਨੁਕਤੇ ਤੋਂ ਹੀ ਦੇਖ ਸਕਦੇ ਹਨ। ਬਸ ਇਹ ਚੱਕਰ ਏਸੇ ਤਰ੍ਹਾਂ ਹੀ ਚਲਾ ਜਾਂਦਾ ਹੈ-ਨਾ ਉਸਤਦਾਂ ਵਿਚ ਇਹ ਸਾਰਾ ਕੁਝ ਬਦਲਣ ਦੀ ਖ਼ਾਹਿਸ਼ ਹੈ, ਨਾ ਮਾਪੇ ਹੀ ਕਿਸੇ ਹੋਰ ਕਿਸਮ ਦੇ ਸਕੂਲ ਦਾ ਖ਼ਿਆਲ ਕਰ ਸਕਦੇ ਹਨ। ਵਿਦਿਅਕ ਮਹਿਕਮੇ ਦਾ ਕੰਮ ਹੁੰਦਾ ਹੈ ਨੌਕਰੀਆਂ ਦੀਆਂ ਨਿਸਬਤਾਂ ਵਿਚ ਅਦਲਾ ਬਦਲੀ ਕਰਦਿਆਂ ਰਹਿਣਾ। ਆਖ਼ਰ ਇਹ ਤਾਣੀ ਏਸੇ ਤਰ੍ਹਾਂ ਹੀ ਚਲੀ ਜਾਂਦੀ ਹੈ, ਕੋਈ ਨਵੀਂ ਤੰਦ ਪਾਨ ਦੀ ਦਲੇਰੀ ਨਹੀਂ ਕਰਦਾ।

ਸਕੂਲਾਂ ਵਿਚੋਂ ਪੜ੍ਹ ਕੇ ਆਏ ਮੁੰਡੇ ਕੁੜੀਆਂ ਉਥੋਂ ਛੁਟਕਾਰਾ ਪਾ ਕੇ ਤਾਂ ਖ਼ੁਸ਼ ਹੁੰਦੇ ਹਨ ਪਰ ਫੇਰ ਵੌਂਤਲ ਜਹੇ ਜਾਂਦੇ ਹਨ। ਨਾ ਮੁੜ ਸਕੂਲ ਜਾਣ ਜੋਗੇ ਤੇ ਨਾ ਕੁਝ ਕਰਨ ਜੋਗੇ। ਹਥ ਪੈਰ ਹਿਲੌਣੇ ਉਹਨਾਂ ਸਿਖੇ ਨਹੀਂ ਹੁੰਦੇ, ਜੀਵਨ ਦੀ ਸਿਖਿਆ ਉਹਨਾਂ ਨੂੰ ਕੋਈ ਮਿਲੀ ਨਹੀਂ ਹੁੰਦੀ, ਰਲ ਬਹਿਣਾ ਉਨਾਂ ਨੂੰ ਆਉਂਦਾ ਨਹੀਂ, ਆਪਣੀਆਂ ਲੱਤਾਂ ਤੇ ਆਪ ਖਲੋ ਨਹੀਂ ਸਕਦੇ, ਸੋ ਘਬਰਾ ਜਾਂਦੇ ਹਨ। ਸਕੂਲ ਵਿਚ ਮੁਕਾਬਲੇ ਹੋਰ ਹੁੰਦੇ ਹਨ, ਦੁਨੀਆਂ ਵਿਚ ਹੋਰ ਹੀ ਗੱਲਾਂ ਦਾ ਮੁਕਾਬਲਾ ਕਰਨਾ ਪੈਂਦਾ ਹੈ। ਸਕੂਲ ਦੇ ਇਮਤਿਹਾਨ ਵਿਚੋਂ ਪਾਸ ਹੋਣਾ ਸੌਖਾ ਹੈ, ਜ਼ਿੰਦਗੀ ਦੇ ਇਮਤਿਹਾਨਾਂ ਵਿਚੋਂ ਕੋਈ ਕੋਈ ਹੀ ਪਾਸ ਹੋ ਨਿਕਲਦਾ ਹੈ। ਸਕੂਲ ਦੀ ਦੁਨੀਆਂ ਬਾਹਰਲੀ ਦੁਨੀਆਂ ਤੋਂ ਨਿਰਾਲੀ ਹੀ ਹੁੰਦੀ ਹੈ-ਏਥੇ ਮਾਪਿਆਂ ਦੀ ਛਤਰ ਛਾਇਆ ਹੇਠ ਤੇ ਉਸਤਾਦਾਂ ਦੀ ਆੜ ਵਿਚ ਦਿਨ

੧੧੫