ਪੰਨਾ:ਜ਼ਿੰਦਗੀ ਦੇ ਰਾਹ ਤੇ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜ਼ਿੰਦਗੀ ਉਹਨਾਂ ਨੂੰ ਸ਼ੁਰੂ ਤੋਂ ਹੀ ਇਕ ਗ਼ਲਤ ਨੁਕਤੇ ਤੋਂ ਦਿਖਾਈ ਜਾਂਦੀ ਹੈ-ਘਰੋਂ ਪੜ੍ਹਨ ਵਾਸਤੇ ਇਸ ਲਈ ਭੇਜਿਆ ਜਾਂਦਾ ਹੈ ਕਿ ਕਿਸੇ ਕੰਮ ਜੋਗਾ ਹੋਵੇ, ਵਰਨਾ ਪੜ੍ਹਾਈ ਉਸ ਦੀ ਸ਼ਖ਼ਸੀਅਤ ਵਾਸਤੇ ਹੋਰ ਕੋਈ ਜ਼ਰੂਰਤ ਨਹੀਂ ਸਮਝੀ ਜਾਂਦੀ; ਸਕੂਲ ਉਹ ਏਸ ਲਈ ਪੜ੍ਹਦਾ ਤੇ ਮਿਹਨਤ ਕਰਦਾ ਹੈ ਕਿ ਇਮਤਿਹਾਨ ਪਾਸ ਕਰ ਲਵੇ, ਵਰਨਾ ਪੜ੍ਹਾਈ ਦੀ ਆਪਣੀ ਕੋਈ ਕੀਮਤ ਨਹੀਂ; ਉਸਤਾਦਾਂ ਨਾਲ ਉਸ ਦਾ ਇਸ ਲਈ ਵਾਹ ਪੈਂਦਾ ਹੈ, ਕਿਉਂਕਿ ਉਹ ਉਸ ਨੂੰ ਪੜ੍ਹ ਕੇ ਇਮਤਿਹਾਨ ਪਾਸ ਕਰਾਂਦੇ ਹਨ, ਉਨ੍ਹਾਂ ਕੋਲੋਂ ਕੋਈ ਚੰਗਾ ਉਤਸ਼ਾਹ ਜਾਂ ਪਰੇਰਨਾ ਲੈਣ ਵਾਸਤੇ ਨਹੀਂ, ਸਕੂਲ ਦੇ ਜਮਾਤੀ ਉਸ ਦੇ ਵਾਕਫ਼ ਇਸ ਲਈ ਬਣਦੇ ਹਨ, ਕਿਉਂਕਿ ਉਹ ਉਸ ਦੇ ਜਮਾਤੀ ਹਨ, ਏਸ ਲਈ ਨਹੀਂ ਕਿ ਉਨ੍ਹਾਂ ਵਿਚ ਵੀ ਉਹ ਜੀਵਨ ਰੌ ਹੈ ਤੇ ਉਨ੍ਹਾਂ ਵਿਚੋਂ ਕੋਈ ਜੀਵਨ-ਸਾਥੀ ਬਣ ਸਕਦੇ ਹਨ। ਸਕੂਲ ਇਕ ਇਮਤਿਹਾਨ ਪਾਸ ਕਰਨ ਦਾ ਵਸੀਲਾ ਹਨ, ਨਾ ਕਿ ਜੀਵਨ ਜਾਚ ਦਾ ਮੈਦਾਨ! ਬਸ, ਇਨ੍ਹਾਂ ਗ਼ਲਤ ਨੁਕਤਿਆਂ ਤੋਂ ਵੇਖਣਾ ਹੀ ਅਸੀਂ ਸਿੱਖੇ ਹਾਂ ਤੇ ਇਨ੍ਹਾਂ ਗ਼ਲਤ ਨੁਕਤਿਆਂ ਤੋਂ ਹੀ ਦੂਸਰੇ ਨੂੰ ਕੁਝ ਵਿਖਾ ਸਕਦੇ ਹਾਂ।

ਅਜ ਕਲ ਮੰਗ ਕੀਤੀ ਜਾ ਰਹੀ ਹੈ ਨਵੀਂ ਕਿਸਮ ਦੇ ਸਕੂਲਾਂ ਦੀ। ਹੋਰ ਉੱਨਤ ਦੇਸ਼ਾਂ ਵਿਚ ਤਾਂ ਬੜੇ ਚਿਰ ਤੋਂ ਪੁਰਾਣੀ ਕਿਸਮ ਦੇ ਸਕੂਲਾਂ ਦਾ ਸਫਾਇਆ ਕਰ ਦਿੱਤਾ ਗਿਆ ਹੈ। ਸ਼ਾਇਦ ਕਿਧਰੇ ਟਾਵਾਂ ਟਾਵਾਂ ਕੋਈ ਪੁਰਾਣੀ ਕਿਸਮ ਦਾ ਸਕੂਲ ਨਜ਼ਰੀਂ ਪੈ ਜਾਵੇ, ਪਰ ਸਾਡੇ ਮੁਲਕ ਵਿਚ ਅਜੇ ਨਵੇਂ ਸਕੂਲਾਂ ਦੀ ਮੰਗ ਹੀ ਬਹੁਤ ਘਟ ਹੈ, ਕਿਉਂਕਿ ਨਵੇਂ ਸਕੂਲ ਚਲਾਣ ਵਾਸਤੇ ਨਵੀਂ ਕਿਸਮ ਦੇ ਉਸਤਾਦ ਚਾਹੀਦੇ ਹਨ ਜੋ ਮਿਲਦੇ ਨਹੀਂ, ਨਵੀਂ ਕਿਸਮ ਦੇ ਮਾਪੇ ਚਾਹੀਦੇ ਹਨ ਜੋ ਅਜੇ ਥੋੜੇ ਹਨ ਤੇ ਇਕ ਨਵੀਂ ਰੌ ਚਾਹੀਦੀ ਹੈ ਜੋ ਅਜੇ ਹਿਲ ਰਹੀ ਹੈ।

੧੨੦