ਪੰਨਾ:ਜ਼ਿੰਦਗੀ ਦੇ ਰਾਹ ਤੇ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਦਿਕ। ਜੋ ਜ਼ਰਾ ਕੁ ਬਾਲ ਰੋ ਪਵੇ ਤਾਂ, “ਖਲੋ ਖਸਮਾਂ ਖਾਣੀਏ! ਮੈਂ ਤੇਰੀਆਂ ਹੱਡੀਆਂ ਫੇਹਨੀ ਹਾਂ। ਇਸ ਨੂੰ ਬਾਲ ਸਾਂਭਣ ਦੀ ਜਾਚ ਹੀ ਨਹੀਂ ਆਉਂਦੀ। ਖੇਹ ਲੈਣੀ, ਭਰਾ ਚੰਗਾ ਨਹੀਂ ਸੂ ਲਗਦਾ, ਜ਼ਰਾ ਚੁਕਣਾ ਪੈ ਜਾਏ ਤੇ ਮੌਤ ਪੈ ਜਾਂਦੀ ਸੂ। ਉਸ ਨੂੰ ਚੂੰਢੀਆਂ ਵਢ ਕੇ ਝਟ ਰੁਆ ਦੇਂਦੀ ਏ, ਰੁੜ੍ਹ ਪੁੜ੍ਹ ਜਾਣੀ। ਚਲ ਕਮਜ਼ਾਤੇ! ਨਿਕਲ ਜਾ ਮੇਰੇ ਘਰੋਂ।”

ਜ਼ਰਾ ਹੋਰ ਵੱਡੀ ਹੋਈ ਤਾਂ ਸਾਰਾ ਚੌਂਕਾ ਬਹਾਰੀ ਧੀ ਦੇ ਸਪੁਰਦ। ਸਵੇਰੇ ਮੂੰਹ ਹਨੇਰੇ ਉੱਠੇ, ਮਧਾਣੀ ਪਾਏ, ਲੱਸੀ ਰਿੜਕੇ ਤੇ ਮੱਖਣ ਕੱਢੇ। ਫੇਰ ਬਹਾਰੀ ਸਾਰੇ ਅੰਦਰੀਂ ਦਏ ਤੇ ਚੁਲ੍ਹੇ ਚੌਕੇ ਤੇ ਪੋਚਾ ਫੇਰੇ। ਫੇਰ ‘ਮਰਦਾਂ’ ਨੂੰ ਲੱਸੀ ਪਾਣੀ ਪਿਆ ਕੇ ਨਿੱਕੇ ਭੈਣ ਭਰਾ ਨੂੰ ਨੁਹਾਏ ਧੁਆਏ। ਫੇਰ ਜਦ ਸਾਰੇ ਨਹਾ ਧੋ ਬਹਿੰਦੇ ਹਨ ਤਾਂ ਮਸਾਂ ਕਿਧਰੇ ਦੁਪਹਿਰੀਂ ਵਿਚਾਰੀ ਦੀ ਨਹਾਉਣ ਦੀ ਵਾਰੀ ਆਉਂਦੀ ਹੈ ਭਾਵੇਂ ਉਹ ਤ੍ਰੇਹ ਨਾਲ ਪਈ ਜਾਨ ਨਿਕਲੇ। ਆਟਾ ਗੁਨ੍ਹਣਾ, ਭਾਂਡੇ ਮਾਂਜਣ ਤੇ ਰੋਟੀ ਟੁੱਕਰ ਕਰ ਕੇ ਸਾਰਿਆਂ ਨੂੰ ਰੋਟੀ ਖੁਆਣੀ, ਫੇਰ ਚਰਖਾ ਡਾਹਣਾ,ਸਿਊਣ ਪਰੋਣ ਜਾਂ ਕਢਣ ਦਾ ਕੁਝ ਕੰਮ ਕਰਨਾ, ਬਾਲਾਂ ਦੇ ਝੱਗੇ ਹੀ ਸਿਊਣੇ ਧੋਣੇ, ਕੋਈ ਚਾਦਰ ਦੁਪੱਟਾ ਹੀ ਕਢਣਾ। ਫੇਰ ਲੌਢੇ ਵੇਲੇ ਰਾਤ ਦੀ ਰੋਟੀ ਦਾ ਆਹਰ ਕਰਨਾ, ਕੋਈ ਦਾਲ ਸ਼ਾਲ ਚੁਣਨੀ ਭਿਓਣੀ, ਮਸਾਲਾ ਸ਼ਾਲਾ ਹੀ ਕੁੱਟਣਾ। ਫੇਰ ਅਗ ਬਾਲਣੀ, ਵਲਟੋਹੀ ਉਤੇ ਰਖਣੀ, ਦਿਨ ਦੇ ਜੂਠੇ ਭਾਂਡਿਆਂ ਨੂੰ ਮਾਂਜਣਾ, ਆਟਾ ਛਾਨਣਾ, ਗੁੰਨ੍ਹਣਾ ਤੇ ਮੁੱਕੀ ਦੇਣੀ। ਇਚਰਾਂ ਨੂੰ ਰਾਤ ਪੈ ਜਾਂਦੀ ਹੈ, ਫੇਰ ਰੋਟੀ ਪਕਦੀ ਹੈ ਤੇ ਸਾਰੇ ਖਾਂਦੇ ਹਨ, ਪਹਿਲੋਂ ਮਰਦ, ਫੇਰ ਤੀਵੀਆਂ ਤੇ ਫੇਰ ਕਿਧਰੇ ਸਾਰਿਆਂ ਤੋਂ ਛੇਕੜ ਵਿਚਾਰੀ ਧੀ ਦੀ ਵਾਰੀ ਆਉਂਦੀ ਹੈ। ਆਪ ਰੋਟੀ ਖਾ ਕੇ ਸਾਰਾ ਚੌਂਕਾ ਭਾਂਡਾ ਸਾਂਭ ਕੇ ਵਿਚਾਰੀ ਸਭ ਤੋਂ ਪਿਛੋਂ ਸੌਂਦੀ ਤੇ ਸਵੇਰੇ ਸਭ ਤੋਂ

੧੪