ਪੰਨਾ:ਜ਼ਿੰਦਗੀ ਦੇ ਰਾਹ ਤੇ.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਿਸੇ ਕੋਲੋਂ ਕਰਵਾ ਕੇ ਨਹੀਂ ਹੁੰਦੀ। ਜਿਸ ਵਕਤ ਬੱਚਾ ਕਿਸੇ ਕੰਮ ਵਿਚ ਮਹਵ ਹੋ ਕੇ ਉਸ ਨੂੰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤਾਂ ਤੁਸੀਂ ਉਸ ਨੂੰ ਨੇਪਰੇ ਚਾੜ੍ਹਨ ਦਿਓ, ਉਸ ਦੀ ਹੌਲੀ ਰਫ਼ਤਾਰ ਜਾਂ ਗ਼ਲਤ ਤਰੀਕੇ ਦਾ ਖ਼ਿਆਲ ਨਾ ਕਰੋ। ਉਸ ਨੂੰ ਆਪਣੇ ਤਜਰਬੇ ਤੋਂ ਆਪ ਸਿੱਖਣ ਦਿਓ। ਬਚਾਅ ਅਤੇ ਹਿਫ਼ਾਜ਼ਤ ਦੀ ਜ਼ਮੇਵਾਰੀ ਆਪ ਦੇ ਸਿਰ ਹੈ। ਜੇ ਤੁਸੀਂ ਆਪਣੇ ਬੱਚੇ ਦੇ ਨਾਲ ਸ਼ੁਰੂ ਤੋਂ ਐਸੀਂ ਸਾਂਝ ਬਣਾ ਲਈ ਹੈ ਤਾਂ ਉਹ ਆਪ ਦੀ ਸਲਾਹ ਪਰਵਾਨ ਕਰੇਗਾ। ਜੇ ਆਪ ਉਸ ਦੀ ਗਲ ਸੁਣਦੇ ਰਹੇ ਹੋ, ਉਸ ਦੀਆਂ ਰੀਝਾਂ ਪੂਰੀਆਂ ਕਰਨ ਦਾ ਯੋਗ ਪਰਬੰਧ ਕਰਦੇ ਰਹੇ ਹੋ, ਉਸ ਦੀਆਂ ਦਿਲਚਸਪੀਆਂ ਵਿਚ ਦਿਲਚਸਪੀ ਲੈਂਦੇ ਰਹੇ ਹੋ ਉਸ ਨੂੰ ਪ੍ਰੇਰਨਾ, ਉਤਸ਼ਾਹ ਤੇ ਪ੍ਰਸੰਸਾ ਦੇਂਦੇ ਰਹੇ ਹੋ ਤਾਂ ਉਹ ਆਪ ਦੇ ਸਿਆਣੇ ਮਸ਼ਵਰੇ ਨੂੰ ਜ਼ਰੂਰ ਮੰਨੇਗਾ। ਪਰ ਜੇ ਆਪ ਦੇ ਮੂੰਹ ਤੇ ਹਮੇਸ਼ਾ ਇਕ 'ਨਨਾ' ਹੀ ਰਹਿੰਦਾ ਹੈ ਤਾਂ ਆਪ ਦਾ ਬੱਚਾ ਆਪ ਦੀ ਨੇਕ ਸਲਾਹ ਭੀ ਘਟ ਸੁਣੇਗਾ। ਨਿਤ ਦੀਆਂ ਮਨਾਹੀਆਂ ਐਸਾ ਰਿਸ਼ਤਾ ਬਣਾ ਦੇਂਦੀਆਂ ਹਨ, ਰੋਕ ਟੋਕ ਬੱਚੇ ਦੀਆਂ ਦਿਲਚਸਪੀਆਂ ਨੂੰ ਕੁਚਲ ਨਹੀਂ ਸਕਦੀ, ਫੁਟਦੇ ਸੋਮੇ ਦਾ ਮੂੰਹ ਹੋਰ ਪਾਸੇ ਮੋੜ ਦੇਂਦੀ ਹੈ। ਬੱਚੇ ਦਾ ਮਨ ਗ਼ਲਤ ਰਸਤਿਆਂ ਤੇ ਤੁਰ ਪੈਂਦਾ ਹੈ, ਬੱਚਾ ਸ਼ੈਤਾਨੀਆਂ ਕਰ ਕੇ ਹੀ ਖ਼ੁਸ਼ ਹੁੰਦਾ ਹੈ, ਆਪਣੇ ਮਾਪਿਆਂ ਦੀ ਹਰ ਹਦਾਇਤ ਦੇ ਉਲਟ ਚਲਦਾ ਹੈ, ਜਿਸ ਗਲ ਤੋਂ ਮਨਾ ਕਰੋ, ਉਹ ਹੀ ਕਰਦਾ ਹੈ। ਛੋਟੀਆਂ ਛੋਟੀਆਂ ਗੱਲਾਂ ਤੋਂ ਬੱਚੇ ਦੇ ਮਨ ਦੀ ਰੌ ਇਸ ਤਰ੍ਹਾਂ ਬਣ ਜਾਂਦੀ ਹੈ, ਸਾਡੇ ਆਪਣੇ ਵਤੀਰੇ ਦੇ ਨਤੀਜੇ ਹੁੰਦੇ ਹਨ।

ਵਧਦੀ ਉਮਰ ਦੇ ਬੱਚੇ ਦਾ ਤਜਰਬੇ ਦਾ ਦਾਇਰਾ ਵਧੇਰੇ ਚੌੜਾ ਹੋ ਜਾਂਦਾ ਹੈ, ਉਸ ਦੀਆਂ ਖ਼ਾਹਿਸ਼ਾਂ ਤੇ ਰੀਝਾਂ ਬਹੁਤੀਆਂ ਤੇ ਵਡੇਰੀਆਂ ਹੁੰਦੀਆਂ ਹਨ। ਉਨ੍ਹਾਂ ਲਈ ਉਸ ਨੂੰ ਵਧੇਰੀ ਖੁਲ੍ਹ ਮਿਲਣੀ ਚਾਹੀਦੀ ਹੈ।

੧੪੦