ਪੰਨਾ:ਜ਼ਿੰਦਗੀ ਦੇ ਰਾਹ ਤੇ.pdf/20

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਪਰਾਧੀਨ ਰਹਿਣ ਨਾਲੋਂ ਨੌਕਰੀ ਕਰ ਲੈਂਦੀਆਂ ਹਨ | ਅਜ ਕਲ ਮਾਪੇ ਵੀ ਆਪਣੀ ਧੀ ਲਈ ਉਹ ਘਰ ਚੂੰਡਦੇ ਹਨ ਜਿੱਥੇ

-  ਨਾ ਸੱਸ ਨਾਂ ਨਨਾਣ, ਕੁੜੀ ਆਪ ਹੀ ਪਰਧਾਨ ।

ਜਾਂ ਮੁੰਡਾ ਨੌਕਰੀ ਵਾਲਾ ਹੋਵੇ ਤਾਂ ਜੁ ਘਰ ਰਹਿਣ ਦਾ ਨਾ ਅਵਸਰ ਮਿਲੇ ਤੇ ਨਾ ਦੁਖ ਕਲੇਸ਼ ਹੋਵੇ | ਪਤੀ ਵੀ ਅਜ ਕਲ ਇਹ ਹੀ ਕੋਸ਼ਿਸ਼ ਕਰਦੇ ਹਨ ਕਿ ਉਨਾਂ ਦੀ ਵਹੁਟੀ ਜਿੰਨੀ ਸੱਸਾਂ ਨਨਾਣਾਂ ਤੇ ਜਠਾਣੀਆਂ ਦੇ ਵਸ ਤੋਂ ਬਾਹਰ ਰਹੇ ਚੰਗਾ ਹੈ, ਇਸ ਲਈ ਜਾਂ ਤੇ ਉਹ ਵਿਆਹ ਕਰਦਿਆਂ ਸਾਰ ਹੀ ਵਖ ਹੋ ਜਾਂਦੇ ਹਨ ਜਾਂ ਆਪਣਾ ਕੰਮ ਕਾਜ ਹੀ ਮਾਪਿਆਂ ਕੋਲੋਂ ਵਖਰਾ ਕਿਧਰੇ ਹੋਰ ਜਾ ਕਰਦੇ ਹਨ । ਇਸ ਦੇ ਸਿੱਟੇ ਕੀ ਨਿਕਲਦੇ ਹਨ ? ਪੁੱਤਰਾਂ ਦੀ ਮਾਪਿਆਂ ਨਾਲ ਨਹੀਂ ਬਣਦੀ, ਨੂੰਹਾਂ ਦੀ ਸੱਸਾਂ ਨਾਲ ਨਹੀਂ ਬਣਦੀ ਤੇ ਇਕ ਸਾਕ ਦੀ ਦੂਜੇ ਸਾਕ ਨਾਲ ਨਹੀਂ ਨਿਭ ਸਕਦੀ। ਉਪਰ ਦੀ ਮੇਲ ਮੁਲਾਕਾਤ ਹੀ ਰਹਿ ਗਈ ਹੈ ਪਰ ਅੰਦਰੋਂ ਅਸੀ ਕਦੇ ਕਿਸੇ ਸਾਕ ਅੰਗ ਨੂੰ ਵੇਖ ਕੇ ਖੁਸ਼ ਨਹੀਂ ਹੁੰਦੇ, ਸਾਡੇ ਦਿਲ ਕਈਆਂ ਕਾਰਨਾ ਕਰ ਕੇ ਆਪਣੇ ਸਾਕਾਂ ਅੰਗਾਂ ਤੋਂ ਖਟੇ ਹੋਏ ਹੋਏ ਹੁੰਦੇ ਹਨ | ਸਾਡੀ ਭਾਈਚਾਰਕ ਪਰਨਾਲੀ ਖੇਰੂ ਖੇਰੂ ਹੋ ਚੁਕੀ ਹੈ ਤੇ ਅਸੀ ਜੋ ਕੁਝ ਕਰ ਰਹੇ ਹਾਂ ਰਿਵਾਜਾਂ ਦੇ ਬਧੇ ਕਰ ਰਹੇ ਹਾਂ ।
ਜਿਸ ਤਰਾਂ ਉੱਪਰ ਦਸਿਆ ਹੈ ਅਜ ਕਲ ਪੜ੍ਹੀਆਂ ਲਿਖੀਆਂ ਕੁੜੀਆਂ ਵਿਆਹ ਤੋਂ ਘਿਰਣਾ ਕਰਦੀਆਂ ਹਨ ਤੇ ਆਪਣੀ ਨੌਕਰੀ ਕਰ ਲੈਂਦੀਆਂ ਹਨ। ਇਸ ਦਾ ਅੰਤ ਇਹ ਹੋਵੇਗਾ ਕਿ ਇਕ ਤਾਂ ਹਿੰਦੁਸਤਾਨ ਦੀ ਆਬਾਦੀ ਘਟ ਜਾਏਗੀ ਤੇ ਦੂਜਾ ਜੋ ਸੰਤਾਨ ਹੋਵੇਗੀ ਉਹ ਵੀ ਨਿਕੰਮੀ ਕਿਉਂਕਿ ਪੜ੍ਹੀਆਂ ਲਿਖੀਆਂ ਵਿਦਵਾਨ ਇਸਤ੍ਰੀਆਂ ਤਾਂ ਵਿਆਹ ਕਰਦੀਆਂ ਹੀ ਨਹੀਂ । ਇਸ ਤਰ੍ਹਾਂ ਅਸੀਂ ਹਿੰਦੁਸਤਾਨ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਜੜ੍ਹੀਂ ਤੇਲ ਦੇ ਰਹੇ ਹਾਂ। ਇਹ ਹਨ ਸਾਡੀ ਭਾਈਚਾਰਕ ਪਰਨਾਲੀ ਦੇ ਨਤੀਜੇ ! २२