ਪੰਨਾ:ਜ਼ਿੰਦਗੀ ਦੇ ਰਾਹ ਤੇ.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਾਕਾਂ ਦੇ 'ਪਿਟਣੇ' ਪੇਟ ਦੇ ਮਾਮਲੇ, ਦੁਨੀਆਂਦਾਰੀ....... ਸਭ ਕੁਝ ਪਰ ਇਕ 'ਸੁਖ’ ਨਹੀਂ । ਹਾਂ ! ਮਨੁੱਖ ਜੀਵਨ ! ਦੁਖਾਂ ਦਾ ਘਰ, ਘਰਾਂ ਦੇ ਦੁਖ, ਮਾਇਆ ਦਾ ਮੋਹ, ਮੋਹ ਦੀ ਮਾਇਆ..........ਸੁਖ ਕਿਧਰੇ ਵੀ ਨਹੀਂ ! ਨਾ ਘਰ ਸੁਖ, ਨਾ ਬਾਹਰ ਸੁਖ, ਨਾ ਪੇਕੇ ਸੁਖ, ਨਾ ਸਹੁਰੇ ਸੁਖ, ਨਾ ਦੇਸ ਸੁਖ, ਨਾ ਪਰਦੇਸ ਸੁਖ..........ਨਾ ਬਾਲ ਸੁਖੀ, ਨਾ ਜਵਾਨ ਸੁਖੀ, ਨਾ ਬੁਢੇ ਸੁਖੀ.....! ਇਕ ਛਿਨ ਦੀ ਖ਼ੁਸ਼ੀ-ਜੰਮਣ ਦੀ ਖ਼ੁਸ਼ੀ, ਵਿਆਹੁਣ ਦੀ ਖ਼ੁਸ਼ੀ, ਫੇਰ ਸਭ ਖ਼ੁਸ਼ੀ ਅਲੋਪ ।
ਅਸੀਂ ਨਿਤ ਕਹਿੰਦੇ ਹਾਂ ਕਿ ਪਤੀ ਤੇ ਇਸਤ੍ਰੀ ਦਾ ਮੇਲ ਇਕ ਰੂਹਾਨੀ ਮੇਲ ਹੈ, ਇਸਤ੍ਰੀ ਪਤੀ ਦੀ ‘ਅਰਧੰਗੀ' ਜੇ ਪਤੀ ਰਾਜਾ ਹੈ ਤਾਂ ਇਸਤ੍ਰੀ ਉਸ ਦੀ ਵਜ਼ੀਰ ਹੈ, ਪਤੀ ਤੇ ਇਸਤ੍ਰੀ ਦੋਵੇਂ ਭਵ-ਸਾਗਰ ਤੇ ਤੁਰਨ ਵਾਲੇ ਇਕੱਠੇ ਤਾਰੂ ਹਨ । ਪਰ ਅਸੀਂ ਕਰ ਕੀ ਰਹੇ ਹਾਂ ? ਕੀ ਪਤੀ ਤੇ ਪਤਨੀ ਰੂਹਾਨੀ ਜੀਵਨ ਬਤੀਤ ਕਰ ਰਹੇ ਹਨ ? ਕੀ ਦੋਵੇਂ ਪ੍ਰੇਮ , ਦੀ ਇਕ ਤਾਰ ਵਿਚ ਪ੍ਰੋਤੇ ਹੋਏ ਹਨ ? ਕੀ ਉਹ “ਏਕ ਜੋਤਿ ਦੋਇ ਮੂਰਤੀ ਹਨ'? ਪਤੀ ਨੂੰ ਅਸੀਂ ਸਿਖਿਆ ਦੇਂਦੇ ਹਾਂ ਕਿ ਆਪਣੀ ਵਹੁਟੀ ਨੂੰ ਕਾਬੂ ਰੱਖਣ ਵਿਚ ਹੀ ਉਸ ਦੀ ਮੁਕਤੀ ਹੈ। ਵਹੁਟੀ ਨੂੰ ਸਾਡੀ ਸਿਖਿਆ ਇਹ ਹੁੰਦੀ ਹੈ ਕਿ ‘ਪਤੀ ਦੇਵ' ਦੀ ਪੂਜਾ ਕਰਨੀ ਹੀ ਉਸ ਦਾ ਧਰਮ ਹੈ । ਕੀ ਇਹ ਸਾਡੇ ਆਦਰਸ਼ ਹਨ ? ਰੋਅਬ ਤੇ ਸੇਵਾ ਦੋਵੇਂ ਕੱਠੇ ਕਿਸ ਤਰ੍ਹਾਂ ਰਹਿ ਸਕਦੇ ਹਨ ? ਜਿਥੇ ਰੋਅਬ ਹੈ, ਉਥੇ ਪ੍ਰੇਮ ਕਾਹਦਾ ਹੋਇਆ ? ਅਸੀਂ ਸਿਖਿਆ ਕੁਝ ਦੇਂਦੇ ਹਾਂ ਕਰ ਕੁਝ ਹੋਰ ਹੀ ਰਹੇ ਹਾਂ। ਸਾਡੇ ਵਿਚ ਪਤੀ ਤੇ ਪਤਨੀ ਦਾ ਸੰਬੰਧ ਬਸ ਘਰ ਦੀਆਂ ਦਲ੍ਹੀਜਾਂ ਤਕ ਹੀ ਹੈ । ਘਰੋਂ ਬਾਹਰ ਦੋਹਾਂ ਦਾ ਆਪਣਾ ਆਪਣਾ ਮੈਦਾਨ ਹੈ । ਵਹੁਟੀ ਵਾਸਤੇ ਘਰੋਂ ਬਾਹਰ ਬਜਾਜੀ ਦੀਆਂ ਜਾਂ ਸੁਨਿਆਰਿਆਂ ਦੀਆਂ ਹਟੀਆਂ ਹਨ, ਜਾਂ ਪੇਕੇ ਸਹੁਰੇ, ਹੋਰ ਸਾਕ ਅੰਗ, २४