ਪੰਨਾ:ਜ਼ਿੰਦਗੀ ਦੇ ਰਾਹ ਤੇ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਆਂਢਣਾਂ ਗੁਆਂਢਣਾਂ ਜ਼ਨਾਨੀਆਂ ਨਾਲ ਜ਼ਰਾ ਫਿਰ ਟੁਰ ਆਈਆਂ ਜਾਂ ਉਨਾਂ ਕੋਲ ਬਹਿ ਖਲੋ ਆਈਆਂ। ਬਸ ਉਹਨਾਂ ਲਈ ਇਤਨੀ ਹੀ ਆਜ਼ਾਦੀ ਹੈ। ਘਰਾਂ ਵਿਚ ਵੀ ਉਨ੍ਹਾਂ ਨੂੰ ਪੂਰੀ ਖੁਲ੍ਹ ਨਹੀਂ। ਆਪਣੇ ਜਵਾਨ ਭਰਾ ਨਾਲ ਵੀ ਉਹ ਬਹੁਤੀ ਖੁਲ੍ਹੀ ਗੱਲ ਨਹੀਂ ਕਰ ਸਕਦੀਆਂ, ਜਵਾਨ ਭੈਣ ਤੇ ਭਰਾ ਦਾ ਇਕੱਲਿਆਂ ਗੱਲਾਂ ਬਾਤਾਂ ਕਰਨਾ ਤਾਂ ਬੜਾ ਹੀ ਬੁਰਾ ਸਮਝਿਆ ਜਾਂਦਾ ਹੈ।

ਇਹ ਕਾਨੂੰਨ ਕਵਾਰੀਆਂ ਕੁੜੀਆਂ ਲਈ ਹਨ, ਵਿਆਹੀਆਂ ਦਾ ਹੋਰ ਹੀ ਹਿਸਾਬ ਹੈ। ਸਜ-ਵਿਆਹੀਆਂ ਤਾਂ ਬਹੁਤਾ ਬੋਲਦੀਆਂ ਹੀ ਨਹੀਂ, ਮਰਦ ਆਪਣੇ ਤੋਂ ਛੋਟਾ ਹੋਵੇ ਜਾਂ ਵੱਡਾ ਸਭ ਤੋਂ ਘੁੰਡ ਕਢਣਾ ਜ਼ਰੂਰੀ ਹੈ, ਗਲ ਕਰਨੀ ਤੇ ਕਿਧਰੇ ਰਹੀ, ਪਤੀ ਨਾਲ ਵੀ ਕਿਸੇ ਦੇ ਸਾਹਮਣੇ ਖੁਲ੍ਹੀ ਗਲ ਕਰਨ ਦੀ ਮਨਾਹੀ ਹੈ। ਹੌਲੀ ਹੌਲੀ ਇਨ੍ਹਾਂ ਵਿਚੋਂ ਕੁਝ ਕੁ ਬੰਦਸ਼ਾਂ ਰਤਾ ਰਤਾ ਘਟਦੀਆਂ ਜਾਂਦੀਆਂ ਹਨ। ਦਿਓਰਾਂ ਨਾਲ ਹਾਸਾ ਮਖੌਲ ਤੇ ਟਿਚਕਰਾਂ ਆਦਿ ਨੂੰ ਅਸੀਂ ਕੋਈ ਬੁਰਾ ਨਹੀਂ ਸਮਝਦੇ ਤੇ ਪਤੀ ਨਾਲ ਵੀ ਲੋਕਾਂ ਦੇ ਸਾਹਮਣੇ ਗਲ ਬਾਤ ਕਰਨੋਂ ਅਗੇ ਨਾਲੋਂ ਘਟ ਸੰਕੋਚ ਕੀਤਾ ਜਾਂਦਾ ਹੈ। ਜ਼ਰਾ ਵਡਿਆਂ ਹੋ ਕੇ ਹੋਰ ਆਜ਼ਾਦੀ ਹੋ ਜਾਂਦੀ ਹੈ ਤੇ ਗਲੀ ਵਿਚ ਆਏ ਫੇਰੀ ਵਾਲਿਆਂ ਆਦਿ ਨਾਲ ਖੁਲ੍ਹੀ ਗਲ ਕਰ ਸਕਦੀਆਂ ਹਨ। ‘ਪਰਾਏ ਮਰਦ’ ਨਾਲ ਬੋਲਣਾ ਅਸੀਂ ਇਕ ਬੜੀ ਹੀ ਕਮੀਨੀ ਤੇ ਇਖ਼ਲਾਕ ਤੋਂ ਗਿਰੀ ਹੋਈ ਗਲ ਸਮਝਦੇ ਹਾਂ, ਵਡੇਰੀਆਂ ਜ਼ਨਾਨੀਆਂ ਨੂੰ ਲੋੜ ਪਵੇ ਤਾਂ ਉਹ ‘ਪਰਾਏ ਮਰਦ’ ਤੋਂ ਵੀ ਕੁਝ ਪੁਛ ਗਿਛ ਲੈਂਦੀਆਂ ਹਨ ਪਰ ਇਸ ਸਬੰਧੀ ਵੀ ਵਡਿਆਂ ਛੋਟਿਆਂ ਆਦਮੀਆਂ ਵਿਚ ਫ਼ਰਕ ਹੈ। ਵਡੇ ਘਰਾਂ ਦੀਆਂ ਇਸਤ੍ਰੀਆਂ ਕਿਸੇ ਹਾਲਤ ਵਿਚ ਵੀ ਕਿਸੇ ਓਪਰੇ ਆਦਮੀ ਨਾਲ ਗਲ ਬਾਤ ਨਹੀਂ ਕਰਨਗੀਆਂ। ਪਰ ਛੋਟੇ ਘਰਾਣਿਆਂ ਦੀਆਂ, ਲੋੜ ਸਮੇਂ, ਇਹ ਨਿਯਮ ਤੋੜ ਦੇਂਦੀਆਂ ਹਨ।

੩੩