ਪੰਨਾ:ਜ਼ਿੰਦਗੀ ਦੇ ਰਾਹ ਤੇ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਘਰੋਗੀ ਜੀਵਨ

ਸਾਡੇ ਘਰਾਂ ਦਾ ਜੀਵਨ ਕੋਈ ਅਜਿਹਾ ਰੁੱਖਾ ਤੇ ਬੇਸਵਾਦਾ ਜਿਹਾ ਹੁੰਦਾ ਹੈ ਕਿ ਸਾਨੂੰ ਖੁਸ਼ੀ ਤੇ ਦਿਲ ਪਰਚਾਵੇ ਲਈ ਹੋਰ ਥਾਵਾਂ ਤੇ ਭਟਕਣਾ ਪੈਂਦਾ ਹੈ। ਅਸੀ ਘਰ ਨੂੰ ਕੇਵਲ ਰੋਟੀ ਖਾਣ, ਸੌਣ ਜਾਂ ਖ਼ਰਚ ਲੈਣ ਦਾ ਅਸਥਾਨ ਹੀ ਸਮਝਦੇ ਹਾਂ। ਸਾਡੇ ਦਿਲਾਂ ਵਿਚ ਘਰਾਂ ਲਈ ਉਹ ਮੋਹ ਤੇ ਪਿਆਰ ਨਹੀਂ ਹੁੰਦਾ ਜੋ ਹੋਣਾ ਚਾਹੀਦਾ ਹੈ। ਬਾਲ ਘਰਾਂ ਨੂੰ ਲੋੜਵੰਦੀਆਂ ਚੀਜ਼ਾਂ ਪਰਾਪਤ ਕਰਨ ਦੀ ਥਾਂ ਜਾਂ ਆਪਣਾ ਸਿਰ ਲੁਕਾਉਣ ਦੀ ਥਾਂ ਸਮਝਦੇ ਹਨ, ਜਿਥੋਂ ਉਨ੍ਹਾਂ ਦਾ ਛੁਟਕਾਰਾ ਉਦੋਂ ਹੀ ਹੁੰਦਾ ਹੈ ਜਦ ਧੀਆਂ ਸਹੁਰੇ ਟੁਰ ਜਾਂਦੀਆਂ ਹਨ ਤੇ ਪੁੱਤਰ ਆਪਣੀ ਵਹੁਟੀ ਲੈ ਕੇ ਵਖ ਹੋ ਕੇ ਆਪਣਾ ਘਰ ਵਖਰਾ ਬਣਾ ਲੈਂਦੇ ਹਨ। ਸਾਡੀਆਂ ਮਾਵਾਂ ਲਈ ਗ੍ਰਹਸਥ ਅਨਗਿਣਤ ਜੰਜਾਲਾਂ ਦੀ ਜਗ੍ਹਾ ਹੈ ਤੇ ਜਦ ਕਦੇ ਉਹ ਕਿਸੇ ਬਹਾਨੇ ਇਕੱਲੀਆਂ ਗਲੀ ਮੁਹੱਲੇ ਜਾ ਸਕਣ ਤਾਂ ਸੁਖ ਦਾ ਸਾਹ ਲੈਂਦੀਆਂ ਹਨ। ਸਾਡੇ ਪਿਉ ਤਾਂ ਘਰ ਹਕੂਮਤ ਕਰਨ ਹੀ ਆਉਂਦੇ ਹਨ। ਸਾਡੇ ਘਰਾਂ ਦੀ ਜ਼ਿੰਦਗੀ ਦਾ ਵਰਤਮਾਨ ਤਰੀਕਾ ਜੋ ਹੈ ਉਸ ਵਿਚ ਤਾਂ ਮੁਸ਼ਕਲ ਹੀ ਕਿਸੇ ਨੂੰ ਸੁਖ ਤੇ ਸ਼ਾਂਤੀ ਪ੍ਰਾਪਤ ਹੁੰਦੀ ਹੋਵੇਗੀ।

੫੩