ਪੰਨਾ:ਜ਼ਿੰਦਗੀ ਦੇ ਰਾਹ ਤੇ.pdf/54

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਲਿਆ ਆ ਰਿਹਾ ਹੈ ਕਿ ਹੁਣ ਹੀ ਕੁਝ ਕੰਮ ਕਸੂਤਾ ਹੋ ਗਿਆ ਹੈ। ਸ਼ਾਇਦ ਜਦ ਸਾਂਝੇ ਟੱਬਰ ਇਕੋ ਥਾਂ ਰਹਿੰਦੇ ਸਨ ਤਾਂ ਇਹ ਤਰੀਕਾ ਯੋਗ ਹੋਵੇ, ਜਦ ਨੂੰਹਾਂ, ਸੱਸਾਂ, ਦਰਾਣੀਆਂ, ਜਠਾਣੀਆਂ, ਪਿਉ, ਪੱਤਰ ਆਦਿਕ ਵਿਆਹੇ ਜਾਣ ਤੋਂ ਮਗਰੋਂ ਵੀ ਇਕੋ ਘਰ ਵਿਚ ਰਹਿੰਦੇ ਸਨ ਤੇ ਸਾਰਿਆਂ ਦੀ ਰਸੋਈ ਸਾਂਝੀ ਹੀ ਸੀ ਤਾਂ ਇਹ ਰਿਵਾਜ ਫਬਦੇ ਹੋਣੇ ਹਨ। ਕਿ ਜ਼ਨਾਨੀਆਂ ਦੀ ਟੋਲੀ ਵੱਖਰੀ ਤੇ ਮਰਦਾਂ ਦੀ ਵਖਰੀ, ਕੁੜੀਆਂ ਦੀ ਵਖਰੀ, ਮੁੰਡਿਆਂ ਦੀ ਵਖਰੀ। ਪਰ ਹੁਣ ਤੇ ਸਾਰਾ ਭਾਈਚਾਰਾ ਖੇਰੂ ਖੇਰੂ ਹੋ ਚੁਕਾ ਹੈ ਅਤੇ ਹਰੇਕ ਨੂੰ ਆਪੋ ਧਾਪੀ ਪਈ ਹੈ, ਕੋਈ ਟੱਬਰ ਵੀ ਸਾਝੇ ਨਹੀਂ ਰਹਿ ਸਕਦੇ। ਜੇ ਰਹਿਣਗੇ ਤਾਂ ਵੀ ਹਰ ਵੇਲੇ ਦੰਗਾ ਫ਼ਸਾਦ ਹੀ ਹੁੰਦਾ ਰਹੇਗਾ। ਪੁਰਾਣੇ ਸਮੇਂ ਮੁੜ ਆਉਣੋਂ ਤਾਂ ਰਹੇ, ਹੁਣ ਤਾਂ ਹਾਲਾਤ ਅਨੁਸਾਰ ਸਾਨੂੰ ਵੀ ਬਦਲਣਾ ਹੀ ਪਏਗਾ। ਜੇ ਸਮੇਂ ਦੀ ਲੋੜ ਅਨੁਸਾਰ ਤੇ ਆਪਣੇ ਭਲੇ ਲਈ ਅਸੀਂ ਆਪਣੀਆਂ ਲੋੜਾਂ ਨੂੰ ਅਨੁਭਵ ਨਾ ਕੀਤਾ ਤਾਂ ਦਿਨੋ ਦਿਨ ਅਸੀਂ ਨਿਘਰਦੇ ਜਾਵਾਂਗੇ ਤੇ ਕਿਸੇ ਕਿਸਮ ਦੀ ਉੱਨਤੀ ਨਹੀਂ ਕਰ ਸਕਾਂਗੇ। ਸਾਡੀਆਂ ਬਹੁਤ ਸਾਰੀਆਂ ਊਣਤਾਈਆਂ ਦੂਰ ਹੋ ਸਕਦੀਆਂ ਹਨ ਜੇ ਅਸੀਂ ਆਪਣੇ ਘਰਾਂ ਨੂੰ ਸੁਧਾਰੀਏ ਜੇ ਸਾਡਾ ਘਰੋਗੀ ਜੀਵਨ ਬਿਹਤਰ ਹੋਵੇਗਾ ਤਾਂ ਅਸੀਂ ਬੜੇ ਸ਼ੌਟ ਜਾਵਾਂਗੇ।

ਅਜ ਕਲ ਘਰਾਂ ਵਿਚ ਇਕ ਇਕ ਟੱਬਰ ਹੀ ਰਹਿ ਰਿਹਾ ਹੈ, ਸਾਨੂੰ ਘਰ ਸੁਖ ਤੇ ਖ਼ੁਸ਼ੀ ਦਾ ਨਮੂਨਾ ਬਨਾਣਾ ਚਾਹੀਦਾ ਹੈ, ਜਿਥੇ ਘਰ ਦਾ ਹਰੇਕ ਜੀ ਆਪਣੇ ਕੰਮ ਤੋਂ ਖੁਸ਼ੀ ਖੁਸ਼ੀ ਵਾਪਸ ਆਵੇ, ਘਰ ਦੇ ਸਾਰੇ ਜੀ ਰਲ ਮਿਲ ਕੇ ਬਹਿਣ ਖਲੋਣ, ਹੱਸਣ, ਖੇਡਣ, ਖਾਣ ਪੀਣ ਇਕੱਠੇ ਪ੍ਰਸੰਨਤਾ ਨਾਲ ਸਮਾਂ ਬਿਤਾਣ, ਇਕ ਦੂਜੇ ਦੀਆਂ ਗੱਲ ਸੁਣਨ, ਇਕ ਦੂਜੇ ਦੇ ਕੰਮ ਕਾਰ ਨੂੰ ਸ਼ੌਕ ਨਾਲ ਸੁਣਨ ਸਮਝਣ

੫੬