ਪੰਨਾ:ਜ਼ਿੰਦਗੀ ਦੇ ਰਾਹ ਤੇ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਿਆਲਾਂ ਦਾ ਵਟਾਂਦਰਾ ਕਰਨ। ਜਦ ਤਕ ਅਸੀਂ ਘਰਾਂ ਵਿਚ ਇਸ ਤਰ੍ਹਾਂ ਰਲ ਮਿਲ ਕੇ ਨਹੀਂ ਬੈਠਾਂਗੇ, ਸਾਡੇ ਵਿਚ ਪ੍ਰਸਪਰ ਪਿਆਰ ਨਹੀਂ ਹੋ ਸਕਦਾ। ਇਹ ਤਦ ਹੀ ਹੋਵੇਗਾ ਜੇ ਸਾਡੇ ਮਾਂ ਪਿਉ ਆਪਣੇ ਧੀਆਂ ਪੁਤਰਾਂ ਨੂੰ ਗ਼ੁਲਾਮ ਨਾ ਸਮਝਣ ਅਤੇ ਇਹ ਖ਼ਿਆਲ ਦੂਰ ਕਰ ਦੇਣ ਹੈ ਕਿ ਬੱਚਿਆਂ ਨੂੰ ਬਿਲਕੁਲ ਸਮਝ ਨਹੀਂ ਤੇ ਜੋ ਕੁਝ ਹੋਵੇਗਾ ਮਾਪਿਆਂ ਦੀ ਮਰਜ਼ੀ ਨਾਲ ਹੀ ਹੋਵੇਗਾ। ਜਦ ਤਕ ਮਾਪਿਆਂ ਦਾ ਇਹ ਵਤੀਰਾ ਨਾ ਬਦਲੇਗਾ ਘਰ ਦੇ ਸਾਰ ਜੀਆਂ ਦਾ ਇਕੱਠਾ ਬੈਠਣਾ ਵੀ ਅਸੰਭਵ ਹੈ। ਅਤੇ ਜਦ ਤਕ ਅਸੀਂ ਰਲ ਮਿਲ ਕੇ ਬਹਿਣਾ ਖਲੋਣਾ, ਖਾਣਾ ਪੀਣਾ ਨਾ ਸਿਖਾਂਗੇ ਸਾਡੀ ਹਾਲਤ ਨਹੀਂ ਸੁਧਰਨ ਲਗੀ।

ਘਰੋਗੀ ਜੀਵਨ ਦਾ ਇਹ ਮੰਤਵ ਹੋਣਾ ਚਾਹੀਦਾ ਹੈ ਨਹੀਂ ਤੇ ਰੋਟੀ ਖਾਣ ਨੂੰ ਤੇ ਸੌਣ ਨੂੰ ਹੋਰ ਬਥੇਰੀਆਂ ਥਾਵਾਂ ਹਨ। ਬੱਚੇ ਪੈਦਾ ਕਰ ਕੇ, ਖੁਆ ਖੁਆ ਕੇ ਵਡੇ ਕਰ ਕੇ ਵਿਆਹ ਦੇਣ ਦਾ ਫ਼ਾਇਦਾ ਨਹੀਂ ਜੇ ਅਸੀਂ ਉਨਾਂ ਨੂੰ ਚੰਗੀਆਂ ਆਦਤਾਂ ਨਾ ਸਿਖਾਈਏ ਤੇ ਚੰਗੀ ਸਿਖਿਆ ਨਾ ਦਈਏ। ਅਜ ਕਲ ਦੀ ਜੋ ਜ਼ਿੰਦਗੀ ਸਾਡੇ ਘਰਾਂ ਦੀ ਹੈ, ਉਹ ਸਾਨੂੰ ਕੁਝ ਚੰਗੀ ਗੱਲ ਨਹੀਂ ਸਿਖਾ ਰਹੀ ਸਗੋਂ ਸਾਨੂੰ ਇਹ ਅਨੁਭਵ ਕਰਾ ਰਹੀ ਹੈ ਕਿ ਸਾਡੇ ਘਰਾਂ ਦਾ ਜੀਵਨ ਬੜਾ ਦੁਖਦਾਈ ਹੈ। ਜੇ ਅਸੀਂ ਆਉਣ ਵਾਲੀਆਂ ਪੀੜੀਆਂ ਦਾ ਭਲਾ ਚਾਹੁੰਦੇ ਹਾਂ, ਜੇ ਅਸੀਂ ਆਪਣੀ ਕੌਮ ਤੋਂ ਆਪਣੇ ਦੇਸ਼ ਦੀ ਉੱਨਤੀ ਦੇ ਚਾਹਵਾਨ ਹਾਂ, ਤਾਂ ਸਾਨੂੰ ਆਪਣੇ ਘਰੋਗੀ ਜੀਵਨ ਨੂੰ ਸੁਧਾਰਨਾ ਚਾਹੀਦਾ ਹੈ। ਜਦ ਤਕ ਸਾਡਾ ਘਰੋਗੀ ਜੈਵਿਨ ਨਾ ਸੁਧਰੇਗਾ, ਅਸੀਂ ਕੁਝ ਕਰਨ ਜੋਗੇ ਨਹੀਂ ਹੋ ਸਕਦੇ। ਘਰੋਗੀ ਜੀਵਨ ਦੇ ਕਈ ਪਹਿਲੂਆਂ ਤੇ ਅਗੇ ਚਾਨਣਾ ਪਾਇਆ ਜਾ ਚੁੱਕਾ ਹੈ ਪਰ ਘਰਾਂ ਦਾ ਰੋਜ਼ ਦਾ ਜੀਵਨ ਵੀ ਉਤਨਾ ਹੀ ਜ਼ਰੂਰੀ ਹੈ ਜਿਤਨਾ ਕਿ ਕਦੇ ਕਦਾਈਂ ਦੇ ਖ਼ਾਸ ਖ਼ਾਸ ਮੌਕਿਆਂ ਦਾ। ਰੋਜ਼ ਰੋਟੀ ਖਾਣ ਸਮੇਂ, ਹੱਸਣ

੫੭