ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/101

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸਿਆਲੀਂ ਹੀਰ ਸਲੇਟੀ ਦੇ ਦੀਦਾਰ ਲਈ ਚੱਲਿਆਂ। ਕਹਿੰਦੇ ਨੇ ਬੜੀ ਹੁਸ਼ਨਾਕ ਏ। ਮੁਟਿਆਰੇ ਤੂੰ ਹੀ ਉਹਦਾ ਕੋਈ ਥਹੁ ਪਤਾ ਦਸ।" ਧੀਦੋ ਰਾਂਝੇ ਨੇ ਬਿਨਾਂ ਲਕੋ ਦੇ ਸਾਰੀ ਗੱਲ ਸਪੱਸ਼ਟ ਕਰ ਦਿੱਤੀ।
ਇਹ ਸੁਣ ਸਾਰੀਆਂ ਮੁਟਿਆਰਾਂ ਤਾੜੀ ਮਾਰ ਕੇ ਹੱਸ ਪਈਆਂ। 'ਵਾਵਾਂ ਵਿਚ ਕੇਸਰ ਘੁਲ ਗਏ। ਰਾਂਝੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕਿਹੋ ਜਹੀ ਗੱਲ ਆਖ ਬੈਠਾ ਹੈ ਜੀਹਦੇ ਕਾਰਨ ਸਾਰੀਆਂ ਮੁਟਿਆਰਾਂ ਹੱਸ ਹੱਸ ਦੂਹਰੀਆਂ ਹੋ ਰਹੀਆਂ ਨੇ।
"ਅੱਛਾ! ਤਾਂ ਤੂੰ ਹੀਰ ਵਾਸਤੇ ਐਡੀ ਦੂਰੋਂ ਆਇਐਂ। ਜੋੜ ਤਾਂ ਬੜਾ ਸੁਹਣਾ ਜੁੜਿਆ ਏ।" ਇਕ ਹੋਰ ਮੁਟਿਆਰ ਅੱਗੇ ਵਧੀ- ਛਮਕੀ ਵਾਲ਼ੀ ਮੁਟਿਆਰ ਹੁਣ ਦੂਜੀਆਂ ਮੁਟਿਆਰਾਂ ਵਿਚਕਾਰ ਗੁਆਚ ਗਈ ਸੀ।
"ਚਲ ਵੇ ਰਾਂਝਿਆ ਤੈਨੂੰ ਹੀਰ ਦੇ ਘਰ ਲੈ ਚਲੀਏ।" ਇਕ ਹੋਰ ਜਵਾਨੀ ਨੇ ਚਸਕਾ ਲਿਆ।
ਧੀਦੋ ਉਨ੍ਹਾਂ ਦੇ ਮਗਰ ਹੋ ਟੁਰਿਆ।
ਲੁੱਡਣ ਉਨ੍ਹਾਂ ਵਲ ਬਿਟ-ਬਿਟ ਤਕਦਾ ਖੜਾ ਰਿਹਾ।
ਝੰਗ ਪਿੰਡ ਦੇ ਚੜ੍ਹਦੇ ਪਾਸੇ ਚੂਚਕ ਚੌਧਰੀ ਦੀ ਹਵੇਲੀ ਸੀ। ਸਾਰੀਆਂ ਮੁਟਿਆਰਾਂ ਮੁਗਧ ਹੋਈਆਂ ਆਪਣੇ-ਆਪਣੇ ਘਰਾਂ ਨੂੰ ਚਲੀਆਂ ਗਈਆਂ। ਛਮਕੀ ਵਾਲ਼ੀ ਮੁਟਿਆਰ ਦੇ ਪਿੱਛੇ-ਪਿੱਛੇ ਤੁਰਦਾ ਧੀਦੋ ਰਾਂਝਾ ਚੂਚਕ ਦੀ ਹਵੇਲੀ ਆਣ ਵੜਿਆ। ਅੱਗੇ ਰੰਗੀਲੇ ਪਲੰਘ 'ਤੇ ਬੈਠਾ ਚੌਧਰੀ ਹੁੱਕਾ ਪੀ ਰਿਹਾ ਸੀ। ਉਨ੍ਹਾਂ ਵਲ ਉਹ ਉਤਸੁਕਤਾ ਨਾਲ਼ ਵੇਖਣ ਲੱਗਾ।
"ਭਾਈਆ ਮੈਂ ਮੱਝਾਂ ਚਾਰਨ ਲਈ ਚਾਕ ਲੱਭ ਲਿਆਈਂ ਆਂ। ਇਹ ਜਾਤ ਦਾ ਰਾਂਝਾ ਏ- ਤੇ ਤਖ਼ਤ ਹਜ਼ਾਰੇ ਦੇ ਚੌਧਰੀ ਮੌਜੂ ਦਾ ਪੁੱਤਰ ਏ। ਇਹ ਘਰੋਂ ਭਾਈਆਂ ਨਾਲ਼ ਲੜ ਕੇ ਏਧਰ ਚਾਕਰੀ ਕਰਨ ਆਇਆ ਏ।" ਮੁਟਿਆਰ ਨੇ ਚੂਚਕ ਦੀਆਂ ਪ੍ਰਸ਼ਨ ਸੂਚਕ ਨਿਗਾਹਾਂ ਦਾ ਉੱਤਰ ਬੜੀ ਸਿਆਣਪ ਨਾਲ਼ ਦੇ ਦਿੱਤਾ।
ਚੂਚਕ ਨੇ ਨੀਵੀਂ ਪਾਈ ਖੜੇ ਰਾਂਝੇ ਵੱਲ ਵੇਖਿਆ, ਉਹਦੇ ਸਾਰੇ ਸਰੀਰ 'ਤੇ ਫਿਰਵੀਂ ਨਜ਼ਰ ਮਾਰੀ ਤੇ ਉਹਨੂੰ ਇਸ਼ਾਰਾ ਕਰਕੇ ਆਪਣੇ ਪਾਸ ਸੱਦ ਲਿਆ ਤੇ ਉਹਦੀ ਪਿੱਠ 'ਤੇ ਥਾਪੀ ਦੇ ਕੇ ਉਹਨੂੰ ਆਪਣੇ ਨਾਲ਼ ਪਲੰਘ 'ਤੇ ਬਠਾ ਲਿਆ। ਫੇਰ ਉਸ ਨੇ ਆਪਣੀ ਧੀ ਨੂੰ ਸੰਬੋਧਨ ਕਰਕੇ ਕਿਹਾ, "ਜਾ ਹੀਰੇ ਇਹਨੂੰ ਕਾੜ੍ਹਨੀ ਵਿਚੋਂ ਦੁੱਧ ਦਾ ਛੰਨਾ ਕੱਢ ਕੇ ਪਲ਼ਾ ਸਵੇਰ ਦਾ ਭੁੱਖਾ ਹੋਵੇਗਾ।"
"ਹੀਰ" ਸ਼ਬਦ ਦੇ ਬੋਲ ਰਾਂਝੇ ਦੇ ਕੰਨੀਂ ਪਏ ਉਹਨੇ ਇਕਦਮ ਤ੍ਰਬੱਕ ਕੇ ਉਸ ਮੁਟਿਆਰ ਵਲ ਵੇਖਿਆ। ਦੋਨੋਂ ਮੁਸਕੜੀਏਂ ਮੁਸਕਰਾ ਪਏ। ਦੋਨੋਂ ਮੁਸਕਾਨਾਂ ਇਕ ਦੂਜੇ ਨੂੰ ਕਤਲ ਕਰ ਗਈਆਂ।

ਰਾਂਝਾ ਹੀਰ ਦੇ ਘਰ ਮੱਝਾਂ 'ਤੇ ਚਾਕ ਰਹਿ ਪਿਆ। ਰਾਂਝਾ ਸਾਝਰੇ ਹੀ ਵੱਗ

ਪੰਜਾਬੀ ਲੋਕ ਗਾਥਾਵਾਂ/ 97