ਬੇਲੇ ਵਿਚ ਲੈ ਜਾਂਦਾ ਉਹ ਜਦ ਵੰਝਲੀ ਤੇ ਮਿੱਠੀਆਂ ਸੁਰਾਂ ਛੇੜਦਾ, ਸਾਰਾ ਬੇਲਾ ਨਸ਼ਿਆ ਜਾਂਦਾ। ਚਰਦੇ ਪਸ਼ੂ ਬੂਥੀਆਂ ਚੁੱਕ ਕੇ ਉਹਦੀਆਂ ਤਾਨਾਂ ਸੁਣਨ ਲਈ ਖੜੋ ਜਾਂਦੇ ਹੀਰ ਬੜੀ ਰੀਝ ਨਾਲ ਰਾਂਝੇ ਲਈ ਚੂਰੀ ਕੁੱਟਦੀ ਤੇ ਆਪ ਬੇਲੇ ਵਿਚ ਜਾ ਪੁੱਜਦੀ।ਇਕ ਦਿਨ ਜਦੋਂ ਉਹ ਬੇਲੇ ਵਿਚ ਪੁੱਜੀ ਤਾਂ ਰਾਂਝੇ ਦੀ ਕੋਇਲ ਜਿਹੀ 'ਵਾਜ਼ ਉਹਦੇ ਕੰਨੀਂ ਪਈ। ਉਹ ਉਹਦੀ ਪਿੱਠ ਪਿੱਛੇ ਮਲਕ ਦੇ ਕੇ ਖੜੋ ਗਈ। ਰਾਂਝਾ ਵਜਦ ਵਿਚ ਆ ਕੇ ਗਾ ਰਿਹਾ ਸੀ-
ਆਖੇਂ ਗਲ ਤਾਂ ਹੀਰੇ ਕਹਿ ਕੇ ਸੁਣਾ ਦਿਆਂ ਨੀ
ਦੇ ਕੇ ਤੈਨੂੰ ਨੱਢੀਏ ਸੋਹਣੇ ਨੀ ਹਵਾਲੇ
ਮੋਹ ਲਿਆ ਮੈਨੂੰ ਪਰੀਏ ਤੇਰਿਆਂ ਨੀ ਨੈਣਾਂ ਨੇ
ਮੈਂ ਕੀ ਜਾਣਾਂ ਇਨ੍ਹਾਂ ਅੱਖੀਆਂ ਦੇ ਚਾਲੇ
ਬਲਣ ਮਸਾਲਾਂ ਵਾਂਗੂੰ ਅੱਖੀਆਂ ਹੀਰੇ ਤੇਰੀਆਂ
ਆਸ਼ਕ ਘੇਰ ਤੈਂ ਭਮੱਕੜ ਵਿਚ ਫਸਾ ਲੇ
ਮੁਖੜਾ ਤੇਰਾ ਹੀਰੇ ਸੋਹਣਾ ਫੁੱਲ ਗੁਲਾਬ ਨੀ
ਆਸ਼ਕ ਭੌਰ ਜੀਹਦੇ ਫਿਰਦੇ ਨੀ ਉਦਾਲੇ
ਵਿੰਨ੍ਹਿਆਂ ਕਾਲਜਾ ਨਾ ਹਿੱਲਿਆ ਜਾਵੇ ਰਾਂਝੇ ਤੋਂ
ਇਹ ਜਿੰਦ ਕਰਤੀ ਮੈਂ ਤਾਂ ਤੇਰੇ ਨੀ ਹਵਾਲੇ
ਹੀਰ ਤੋਂ ਰਹਿ ਨਾ ਹੋਇਆ, ਉਹਨੇ ਨਸ ਕੇ ਰਾਂਝੇ ਦੁਆਲੇ ਆਪਣੀਆਂ ਮਖ਼ਮਲੀ ਬਾਹਾਂ ਵਲਾ ਦਿੱਤੀਆਂ। ਰਾਂਝਾ ਤ੍ਰੱਬਕ ਪਿਆ। ਸੂਹੇ ਗੁਲਾਬ ਵਾਂਗ ਟਹਿਕਦਾ ਹੀਰ ਦਾ ਪਿਆਰਾ ਮੁਖੜਾ ਰਾਂਝੇ ਦੀ ਝੋਲੀ ਆਣ ਪਿਆ। ਦੋਨਾਂ ਪ੍ਰੀਤ ਨਿਭਾਉਣ ਦੇ ਕੌਲ਼-ਕਰਾਰ ਕਰ ਲਏ
ਹੀਰ ਰਾਂਝੇ ਨੂੰ ਹਰ ਰੋਜ਼ ਬੇਲੇ ਵਿਚ ਚੂਰੀ ਖੁਆਉਣ ਜਾਂਦੀ। ਦੋਨੋਂ 'ਕੱਠੇ ਚੂਰੀ ਖਾਂਦੇ, ਪਿਆਰ ਭਰੀਆਂ ਮਾਖਿਓਂ-ਮਿੱਠੀਆਂ ਗੱਲਾਂ ਕਰਦੇ। ਕਈ ਵਰ੍ਹੇ ਇਸੇ ਤਰ੍ਹਾਂ ਲੰਘ ਗਏ। ਆਖ਼ਰ ਇਨ੍ਹਾਂ ਦੇ ਇਸ਼ਕ ਦੀ ਚਰਚਾ ਝੰਗ ਦੇ ਘਰ ਘਰ ਦੀ ਚਰਚਾ ਬਣ ਗਈ। ਹੀਰ ਦੇ ਮਾਪੇ ਏਸ ਗੱਲ ਤੋਂ ਬੇਖ਼ਬਰ ਸਨ, ਇਨ੍ਹਾਂ ਕੋਲ਼ ਹੀਰ ਬਾਰੇ ਕਿਸੇ ਨੂੰ ਗੱਲ ਕਰਨ ਦੀ ਹਿੰਮਤ ਨਹੀਂ ਸੀ ਪੈਂਦੀ।ਉਂਜ ਆਮ ਲੋਕਾਂ ਨੂੰ ਏਸ ਬਾਂਕੇ ਜੋੜੇ ਦਾ ਪਿਆਰ ਭੈੜਾ ਨਹੀਂ ਸੀ ਲਗਦਾ, ਪਰੰਤੁ ਹੀਰ ਦਾ ਚਾਚਾ ਕੈਦੋ ਲੰਙਾ ਇਹ ਬਰਦਾਸ਼ਤ ਨਾ ਕਰ ਸਕਿਆ। ਉਹਦੀ ਸਾਰੀ ਉਮਰ ਉਪੱਧਰਾਂ ਵਿਚ ਹੀ ਲੰਘੀ ਸੀ। ਉਹਨੇ ਆਪਣੇ ਵੱਡੇ ਭਰਾ ਚੂਚਕ ਕੋਲ਼ ਹੀਰ ਰਾਂਝੇ ਦੇ ਇਸ਼ਕ ਦੀ ਗੱਲ ਤੋਰੀ। ਚੂਚਕ ਨੂੰ ਆਪਣੀ ਧੀ ’ਤੇ ਵਿਸ਼ਵਾਸ ਸੀ। ਉਸ ਸਬੂਤ ਮੰਗ ਲਿਆ।
ਪੰਜਾਬੀ ਲੋਕ ਗਾਥਾਵਾਂ/ 98