ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜੋਗੀ ਬਣੇ ਰਾਂਝੇ ਨੇ ਹੀਰ ਦੇ ਦਰਾਂ ਅੱਗੇ ਆ ਅਲਖ ਜਗਾਈ। ਸਹਿਤੀ ਉਹਨੂੰ ਲੱਗੀ ਟਿੱਚਰਾਂ ਕਰਨ। ਅੰਦਰ ਖੜੀ ਹੀਰ ਉਨ੍ਹਾਂ ਦੀਆਂ ਝੜਪਾਂ ਸੁਣ ਰਹੀ ਸੀ। ਉਹ ਤਾਂ ਕਿਸੇ ਬਹਾਨੇ ਏਸ ਰੰਗੀਲੇ ਜੋਗੀ ਦਾ ਪਿਆਰਾ ਮੁਖੜਾ ਦੇਖਣਾ ਚਾਹੁੰਦੀ ਸੀ।
"ਜੋਗੀਆ ਤੈਨੂੰ ਤਾਂ ਮੰਨਦੀ ਆਂ ਜੇ ਤੂੰ ਇਹ ਬੁਝ ਲਵੇਂ ਕਿ ਮੇਰੀ ਭਾਬੋ ਨੂੰ ਕਿਹੜਾ ਰੋਗ ਚਿੰਬੜਿਆ ਹੋਇਐ?" ਸਹਿਤੀ ਜੋਗੀ ਦੀ ਪ੍ਰੀਖਿਆ ਲੈ ਰਹੀ ਸੀ।
ਜੋਗੀ ਨੇ ਹੀਰ ਰਾਂਝੇ ਦੀ ਮੁਹੱਬਤ ਦੁਹਰਾ ਦਿੱਤੀ। ਇਹ ਸੁਣਦੇ ਸਾਰ ਹੀ ਸਹਿਤੀ ਜੋਗੀ ਦੇ ਪੈਰੀਂ ਜਾ ਡਿੱਗੀ ਤੇ ਲੱਗੀ ਆਪਣੀਆਂ ਮਾੜੀਆਂ ਚੰਗੀਆਂ ਕਹੀਆਂ ਦੀ ਭੁੱਲ ਬਖ਼ਸਾਣ। ਜੋਗੀ ਨੇ ਅਸੀਸ ਦਿੱਤੀ, "ਸਹਿਤੀਏ ਮੁਰਾਦ ਪਾਵੇਂਗੀ।" ਮੁਰਾਦ ਸਹਿਤੀ ਦਾ ਪ੍ਰੇਮੀ ਸੀ। ਹੁਣ ਸਹਿਤੀ ਦਾ ਵਿਸ਼ਵਾਸ ਜੋਗੀ ਲਈ ਹੋਰ ਵੀ ਪੱਕਾ ਹੋ ਗਿਆ। ਉਹ ਨਸ ਕੇ ਅੰਦਰੋਂ ਚੀਣੇ ਦਾ ਥਾਲ਼ ਭਰ ਲਿਆਈ। ਜਦੋਂ ਉਹ ਚੀਣਾ ਪਾਣ ਲੱਗੀ ਤਾਂ ਜੋਗੀ ਨੇ ਆਪਣੇ ਹੱਥੋਂ ਜਾਣ ਬੁਝ ਕੇ ਚਿੱਪੀ ਛੱਡ ਦਿੱਤੀ ਤੇ ਸਾਰਾ ਚੀਣਾ ਧਰਤੀ 'ਤੇ ਖਿੱਲਰ ਗਿਆ। ਜੋਗੀ ਚੀਣਾ ਚੁਗਣ ਲਈ ਬੈਠ ਗਿਆ। ਜਦੋਂ ਸਹਿਤੀ ਅੰਦਰ ਚਲੀ ਗਈ ਤਾਂ ਹੀਰ ਨੇ ਦਰਵਾਜ਼ੇ ਦੇ ਨੇੜੇ ਹੋ ਕੇ ਆਖਿਆ, "ਰਾਂਝਿਆ! ਮੇਰੇ ਲਈ ਅੱਜ ਚੰਦ ਚੜ੍ਹ ਪਿਐ।"
ਰਾਂਝੇ ਨੇ ਹੀਰ ਦੇ ਪੀਲੇ ਮੁੱਖ ਵਲ ਤੱਕਿਆ, "ਹੀਰੇ ਤੈਨੂੰ ਕੀ ਹੋ ਗਿਐ, ਤੂੰ ਤਾਂ ਦਿਨਾਂ ਵਿਚ ਈ ਨਿੱਬੜ ਗਈ ਏਂ।"
"ਰਾਂਝਿਆ ਆਪਾ ਰੱਜ ਕੇ ਗੱਲਾਂ ਫੇਰ ਕਰਾਂਗੇ। ਤੂੰ ਕੁਝ ਦਿਨ ਕਾਲ਼ੇ ਬਾਗ਼ ਵਿਚ ਟਿਕਿਆ ਰਹੀਂ। ਮੈਂ ਕਿਸੇ ਪੱਜ ਤੇਰੇ ਪਾਸ ਪੁੱਜਾਂਗੀ। ਮੇਰੀ ਨਨਾਣ ਸਹਿਤੀ ਮੇਰੀ ਭੇਤਣ ਹੈ। ਉਹਨੂੰ ਵੀ ਸਾਡੇ ਜਿਹਾ ਰੋਗ ਲੱਗਿਆ ਹੋਇਐ। ਚੰਗਾ ਹੁਣ ਤੂੰ ਜਾਹ ਮੁੜ ਕੇ ਏਧਰ ਪੈਰ ਨਾ ਪਾਵੀਂ, ਕਿਧਰੇ ਖੇੜੇ ਸ਼ੱਕ ਨਾ ਕਰਨ ਲੱਗ ਜਾਣ।" ਇਹ ਆਖ ਹੀਰ ਨੇ ਹਵੇਲੀ ਦੇ ਦਰਵਾਜ਼ੇ ਬੰਦ ਕਰ ਦਿੱਤੇ।
ਰਾਂਝੇ ਜੋਗੀ ਕਾਲ਼ੇ ਬਾਗ਼ ਵਿਚ ਧੂਣੀ ਤਪਾ ਦਿੱਤੀ। ਸ਼ਰਧਾਲੂ ਤ੍ਰੀਮਤਾਂ ਉਹਦੇ ਆ ਦੁਆਲੇ ਹੋਈਆਂ ਤੇ ਲੱਗੀਆਂ ਮਨ ਦੀਆਂ ਮੁਰਾਦਾਂ ਮੰਗਣ। ਜੋਗੀ ਦੀ ਮੰਨਤਾ ਹੋਣ ਲੱਗ ਪਈ। ਹੀਰ ਨੇ ਸਹਿਤੀ ਨੂੰ ਜੋਗੀ ਬਾਰੇ ਸਭ ਕੁਝ ਦੱਸ ਦਿੱਤਾ। ਹੀਰ ਨੇ ਆਪਣਾ ਰਾਂਝਾ ਅਤੇ ਸਹਿਤੀ ਨੇ ਆਪਣਾ ਮੁਰਾਦ ਪ੍ਰਾਪਤ ਕਰਨ ਲਈ ਤਰਕੀਬ ਸੋਚ ਲਈ। ਇਸ ਤਰਕੀਬ ਬਾਰੇ ਸਹਿਤੀ ਜੋਗੀ ਨੂੰ ਸਭ ਕੁਝ ਸਮਝਾ ਆਈ।
ਅਗਲੀ ਭਲ਼ਕ ਹੀਰ ਆਪਣੀ ਨਣਦ ਤੇ ਉਹਦੀਆਂ ਸਹੇਲੀਆਂ ਨਾਲ਼ ਬਾਹਰਲੇ ਖੂਹ 'ਤੇ ਸੈਰ ਕਰਨ ਚਲੀ ਗਈ। ਜਦੋਂ ਉਹ ਸੈਰ ਕਰਕੇ ਵਾਪਸ ਪਰਤ ਰਹੀਆਂ ਸਨ ਤਾਂ ਹੀਰ ਨੇ ਰਾਹ ਵਿਚ ਮਲ੍ਹਕ ਦੇਣੇ ਆਪਣੇ ਪੈਰ ਵਿਚ ਕਿੱਕਰ ਦਾ

ਪੰਜਾਬੀ ਲੋਕ ਗਾਥਾਵਾਂ/ 101