ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੱਸੀ-ਪੁੰਨੂੰ

'ਸੱਸੀ ਪੁੰਨੂੰ' ਦੀ ਲੋਕ ਗਾਥਾ ਇਕ ਅਜਿਹੀ ਗਾਥਾ ਹੈ ਜਿਸ ਨੇ ਪੰਜਾਬੀਆਂ ਦੀ ਮਾਨਸਿਕਤਾ 'ਤੇ ਸਦੀਵੀ ਪ੍ਰਭਾਵ ਪਾਇਆ ਹੋਇਆ ਹੈ। ਸਦੀਆਂ ਬੀਤਣ ਬਾਅਦ ਵੀ ਪੰਜਾਬ ਦੀ ਮੁਟਿਆਰ ਇਸ ਕਹਾਣੀ ਵਿਚਲੇ ਦਰਦ ਨੂੰ ਸਹਿਲਾਅ ਨਹੀਂ ਸਕੀ। ਉਸ ਨੇ ਸੈਆਂ ਲੋਕ-ਗੀਤਾਂ ਰਾਹੀਂ ਆਪਣੀ ਵੇਦਨਾ ਦਾ ਇਜ਼ਹਾਰ ਬੜੇ ਦਰਦੀਲੇ ਬੋਲਾਂ ਵਿਚ ਕੀਤਾ ਹੈ:

ਆਪਣੇ ਕੋਠੇ ਮੈਂ ਖੜ੍ਹੀ
ਪੁੰਨੂੰ ਖੜ੍ਹਾ ਮਸੀਤ ਵੇ
ਭਰ ਭਰ ਅੱਖੀਆਂ ਡੋਲ੍ਹਦੀ
ਨੈਣੀਂ ਲੱਗੀ ਪ੍ਰੀਤ ਵੇ
ਹਾਏ ਵੇ ਪੁੰਨੂੰ ਜ਼ਾਲਮਾ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ।

ਉਠ ਨੀ ਮਾਏਂ ਸੁੱਤੀਏ
ਚੁੱਲ੍ਹੇ ਅੱਗ ਨੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ
ਕੋਈ ਭੋਜਨ ਦਈਂ ਛਕਾ
ਹਾਏ ਵੇ ਪੁੰਨੂੰ ਜ਼ਾਲਮਾਂ
ਹਾਏ ਵੇ ਦਿਲਾਂ ਦਿਆ ਮਹਿਰਮਾ
ਸੁੱਤੀ ਨੂੰ ਛੋਡ ਕੇ ਨਾ ਜਾਈਂ ਵੇ।

ਉੱਠ ਨੀ ਭਾਬੋ ਸੁੱਤੀਏ
ਦੁੱਧ ਮਧਾਣੀ ਪਾ
ਜਾਂਦੇ ਪੁੰਨੂੰ ਨੂੰ ਘੇਰ ਕੇ

ਪੰਜਾਬੀ ਲੋਕ ਗਾਥਾਵਾਂ/ 105