ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/112

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਘੱਲੀ ਏ। ਸਾਡੀਆਂ ਵਰਿਆਂ ਦੀਆਂ ਸੁਖਣਾਂ ਅੱਜ ਪੂਰੀਆਂ ਹੋਈਆਂ ਨੇ।"
ਧੋਬਣ ਨੇ ਬਾਲੜੀ ਨੂੰ ਆਪਣੀ ਗੋਦ 'ਚ ਲੈ ਲਿਆ। ਖ਼ੁਸ਼ੀ ਦੇ ਮਾਰੇ ਉਹਦੀਆਂ ਅੱਖਾਂ ਵਿਚੋਂ ਮਮਤਾ ਦੇ ਅੱਥਰੂ ਵਗ ਤੁਰੇ।
ਮਹਿਲਾਂ ਦੀ ਦੌਲਤ ਧੋਬੀਆਂ ਦੇ ਘਰ ਜਵਾਨ ਹੋਣ ਲੱਗੀ। ਉਹਦਾ ਨਾਂ ਉਨ੍ਹਾਂ ਸੱਸੀ ਪਾ ਲਿਆ।
ਸਿੰਧ ਦੇ ਪਾਣੀਆਂ ਨੇ ਮੁਟਿਆਰ ਸੀ ਤੇ ਲੋਹੜੇ ਦਾ ਰੂਪ ਚਾੜ੍ਹ ਦਿੱਤਾ। ਸੱਸੀ ਦੇ ਰੂਪ ਦੀਆਂ ਧੁੰਮਾਂ ਪੈ ਗਈਆਂ। ਧੋਬੀਆਂ ਦੇ ਘਰ ਐਨਾ ਹੁਸਨ, ਲੋਕਾਂ ਹੈਰਾਨ ਹੁੰਦੇ। ਕਈ ਚੰਗਾ ਖਾਂਦੇ-ਪੀਂਦੇ ਧੋਬੀਆਂ ਨੇ ਸੱਸੀ ਦੇ ਸਾਕ ਦੀ ਖ਼ੈਰਾਤ ਮੰਗੀ, ਪਰੰਤੂ ਅੱਤੇ ਨੇ ਸਾਰੇ ਠੁਕਰਾ ਦਿੱਤੇ।ਉਹ ਸੱਸੀ ਦੀ ਰਜ਼ਾਮੰਦੀ ਲੈਣਾ ਚਾਹੁੰਦਾ ਸੀ। ਸੱਸੀ ਨੂੰ ਅਜੇ ਤੀਕਰ ਕੋਈ ਗੱਭਰੂ ਜਚਿਆ ਨਹੀਂ ਸੀ।
ਭੰਬੋਰ ਸ਼ਹਿਰ ਦੇ ਇਕ ਰਸੀਏ ਸੌਦਾਗਰ ਦੇ ਨਵੇਂ ਬਣੇ ਮਹਿਲ ਦੀ ਬੜੀ ਚਰਚਾ ਸੀ। ਇਸ ਮਹਿਲ ਵਿਚ ਸੰਸਾਰ ਭਰ ਦੇ ਸ਼ਹਿਜ਼ਾਦਿਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ। ਸੱਸੀ ਵੀ ਆਪਣੀਆਂ ਸਹੇਲੀਆਂ ਨਾਲ਼ ਇਹ ਮਹਿਲ ਵੇਖਣ ਗਈ।ਉਹ ਬੜੀ ਰੀਝ ਨਾਲ ਤਸਵੀਰਾਂ/ਚਿੱਤਰ ਵੇਖ ਰਹੀਆਂ ਸਨ ਪਰ ਇਕ ਤਸਵੀਰ ਨੇ ਤਾਂ ਜਾਣੋ ਸੱਸੀ ਨੂੰ ਕੀਲ ਹੀ ਦਿੱਤਾ।ਉਹ ਇਸ ਤਸਵੀਰ ਤੋਂ ਆਪਣੀ ਨਿਗਾਹ ਪਰੇ ਨਾ ਹਟਾ ਸਕੀ। ਉਹ ਆਪਣਾ ਹੁਸੀਨ ਦਿਲ ਇਸ ਅਦੁੱਤੀ ਤਸਵੀਰ ਦੇ ਹਵਾਲੇ ਕਰ ਆਈ।
ਕਿਸੇ ਦੱਸਿਆ, "ਇਹ ਕੀਚਮ ਦੇ ਸ਼ਹਿਜ਼ਾਦੇ ਪੁੰਨੂੰ ਦੀ ਤਸਵੀਰ ਏ
 ਐਨਾ ਪਿਆਰਾ ਮੁਖੜਾ ਉਸ ਕਦੀ ਤੱਕਿਆ ਨਹੀਂ ਸੀ। "ਰੱਬ ਕਰੇ, ਪੁੰਨੂੰ ਮੈਨੂੰ ਮਿਲ ਜਾਵੇ।" ਸੱਸੀ ਨੇ ਦਿਲ ਫੜ ਕੇ ਠੰਢਾ ਹਾਉਕਾ ਭਰਿਆ। ਸੱਸੀ ਹੁਣ ਪੁੰਨੂੰ ਦੀ ਹੋ ਚੁੱਕੀ ਸੀ।
ਸੱਸੀ ਦੇ ਸ਼ਹਿਰ ਭੰਬੋਰ ਕੀਚਮ ਦੇ ਸੌਦਾਗਰ ਆਂਦੇ ਜਾਂਦੇ ਰਹਿੰਦੇ ਸਨ। ਉਹ ਸੱਸੀ ਦੇ ਹੁਸਨ ਦੀ ਚਰਚਾ ਆਪਣੇ ਦੇਸ਼ ਜਾ ਕੇ ਕਰਦੇ। ਉਥੋਂ ਦਾ ਸ਼ਹਿਜ਼ਾਦਾ ਪੁੰਨੂੰ ਹੁਸ਼ਨਾਕ ਸੱਸੀ ਨੂੰ ਤੱਕਣ ਲਈ ਬੇਤਾਬ ਹੋ ਗਿਆ। ਉਹਨੇ ਆਪਣੇ ਪਿਤਾ ਅਲੀ ਹੋਤ ਨੂੰ ਕੋਈ ਬਹਾਨਾ ਲਾਇਆ ਤੇ ਇਕ ਕਾਫ਼ਲੇ ਨਾਲ਼ ਭੰਬੋਰ ਪੁੱਜ ਗਿਆ।
ਸੱਸੀ ਪੁੰਨੂੰ ਇਕ-ਦੂਜੇ ਨੂੰ ਇਸ ਤਰ੍ਹਾਂ ਮਿਲੇ ਜਿਵੇਂ ਔੜਾਂ ਮਾਰੀ ਧਰਤੀ ਨੂੰ ਬਾਰਸ਼ ਦੀਆਂ ਬੂੰਦਾਂ ਮਿਲਦੀਆਂ ਹਨ।
"ਤੂੰ ਪੁਨੂੰ ਏਂ ਸੋਹਣਿਆ ਕੀਚਮ ਦਾ ਸ਼ਹਿਜ਼ਾਦਾ?" ਸੱਸੀ ਦਾ ਚਿਹਰਾ ਮੁਸਕਰਾਇਆ।
"ਹਾਂ ਮਨਮੋਹਣੀਏਂ ਸੱਸੀਏ, ਮੈਂ ਤੇਰੇ ਹੁਸਨ ਨੂੰ ਸਿਜਦਾ ਕਰਨ ਤੇਰੇ ਦੇਸ਼ ਆਇਆਂ।"

ਪੰਜਾਬੀ ਲੋਕ ਗਾਥਾਵਾਂ/ 108