ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/117

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਿਰਜ਼ਾ ਸਾਹਿਬਾਂ

ਮੱਧ ਕਾਲ ਤੋਂ ਹੀ ਲੋਕ ਗਾਥਾਵਾਂ ਪੰਜਾਬੀ ਜਨ ਸਾਧਾਰਨ ਦੇ ਮਨੋਰੰਜਨ ਦਾ ਮੁੱਖ ਸਾਧਨ ਰਹੀਆਂ ਹਨ। ਮਿਰਜ਼ਾ-ਸਾਹਿਬਾਂ ਦੀ ਲੋਕ ਗਾਥਾ ਪੰਜਾਬੀਆਂ ਦੇ ਅਵਚੇਤਨ ਵਿਚ ਮਿਸ਼ਰੀ ਵਾਂਗ ਘੁਲ਼ੀ ਹੋਈ ਹੈ, ਜਿਸ ਦਾ ਪੰਜਾਬੀ ਲੋਕ ਜੀਵਨ 'ਤੇ ਡੂੰਘਾ ਪ੍ਰਭਾਵ ਹੈ। ਪੁਰਾਤਨ ਪੰਜਾਬ ਦੇ ਦ੍ਰਿਸ਼ ਮਿਰਜ਼ੇ ਦੀਆਂ ਸੱਦਾ ਵਿਚ ਵਿਦਮਾਨ ਹਨ ਜੋ ਮਿਰਜ਼ਾ-ਸਾਹਿਬਾਂ ਦੀ ਗਾਥਾ ਨੂੰ ਬਿਆਨ ਕਰਦੇ ਹਨ:

ਹੁਜ਼ਰੇ ਸ਼ਾਹ ਹਕੀਮ ਦੇ
ਇਕ ਜੱਟੀ ਅਰਜ਼ ਕਰੇ
ਮੈਂ ਬੱਕਰਾ ਦੇਨੀ ਆਂ ਪੀਰ ਦਾ
ਮੇਰੇ ਸਿਰ ਦਾ ਕੰਤ ਮਰੇ
ਪੰਜ ਸੱਤ ਮਰਨ ਗਵਾਂਢਣਾਂ
ਰਹਿੰਦੀਆਂ ਨੂੰ ਤਾਪ ਚੜ੍ਹੇ
ਹੱਟੀ ਢਹੇ ਕਰਾੜ ਦੀ
ਜਿੱਥੇ ਦੀਵਾ ਨਿੱਤ ਬਲ਼ੇ
ਕੁੱਤੀ ਮਰੇ ਫ਼ਕੀਰ ਦੀ
ਜਿਹੜੀ ਚਊਂ-ਚਊਂ ਨਿੱਤ ਕਰੇ
ਗਲ਼ੀਆਂ ਹੋਵਣ ਸੁੰਨੀਆਂ
ਵਿਚ ਮਿਰਜ਼ਾ ਯਾਰ ਫਿਰੇ

ਮਿਰਜ਼ਾ ਮਸੀਂ ਪੰਜ ਕੁ ਸਾਲਾਂ ਦਾ ਹੋਇਆ ਸੀ ਕਿ ਉਹਦੇ ਬਾਪ ਬਿੰਜਲ ਦੀ ਮੌਤ ਹੋ ਗਈ। ਬਿੰਜਲ ਖਰਲਾਂ ਦਾ ਸਰਦਾਰ ਦਾਨਾਬਾਦ ਦੇ ਰਾਵੀ ਦੇ ਇਲਾਕੇ ਦਾ ਚੌਧਰੀ ਸੀ। ਚੌਧਰੀ ਦੀ ਕੁਵੇਲੇ ਦੀ ਮੌਤ ਸਾਰੇ ਇਲਾਕੇ ਲਈ ਸੋਗ ਬਣ ਗਈ। ਮਿਰਜ਼ੇ ਦੀ ਮਾਂ ਖੀਵੀ ਦਾ ਸੰਸਾਰ ਜਿਵੇਂ ਸੁੰਨਾ ਹੋ ਗਿਆ ਹੋਵੇ। ਉਸ ਨੂੰ ਗਸ਼ਾਂ ਤੇ ਗਸ਼ਾਂ ਪੈ ਰਹੀਆਂ ਸਨ। ਸਿਆਣੀਆਂ ਤ੍ਰੀਮਤਾਂ ਨੇ ਉਸ ਨੂੰ ਸੰਭਾਲਿਆ ਤੇ ਹੌਸਲਾ ਦਿੱਤਾ। ਮਿਰਜ਼ੇ ਦੇ ਜਵਾਨ ਹੋਣ ਦੀ ਆਸ ਖੀਵੀ ਲਈ ਬਿੰਜਲ ਦੀ ਮੌਤ ਨੂੰ ਭੁੱਲ ਜਾਣ ਦਾ ਸਾਹਸ ਦੇਣ ਲੱਗੀ।

ਪੰਜਾਬੀ ਲੋਕ ਗਾਥਾਵਾਂ/ 113