ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/119

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਉਸਾਰਨ ਵਿਚ ਫ਼ਖ਼ਰ ਅਨੁਭਵ ਕਰਦੈ। ਮਿਰਜ਼ਿਆ! ਲੋਕੀਂ ਕੁਝ ਵੀ ਪਏ ਆਖਣ। ਤੂੰ ਮੇਰੀਆਂ ਨਜ਼ਰਾਂ 'ਚ ਰੱਬੀ ਨੂਰ ਏਂ, ਮੇਰੀ ਜ਼ਿੰਦਗੀ ਦਾ ਚਾਨਣ ਏਂ।"
"ਸਾਹਿਬਾਂ ਤੂੰ ਮੇਰਾ ਸਭੋ ਕੁਝ ਏਂ! ਮੇਰੀ ਜਿੰਦ ਤੂੰ ਹੀ ਏਂ, ਮੇਰੀ ਜਾਨ ਤੂੰ ਹੀ ਏਂ।" ਆਖ ਮਿਰਜ਼ੇ ਨੇ ਸਾਹਿਬਾਂ ਨੂੰ ਆਪਣੀ ਗਲਵਕੜੀ 'ਚ ਲੈ ਲਿਆ ਤੇ ਦੋਨੋਂ ਵਿਸਮਾਦ ਦੀ ਅਵਸਥਾ 'ਚ ਪੁੱਜ ਗਏ।
ਸਾਹਿਬਾਂ ਦੀ ਮਤਰੇਈ ਮਾਂ ਨੂੰ ਮਿਰਜ਼ਾ ਸਾਹਿਬਾਂ ਦਾ ਖਿੜ-ਖਿੜ ਹੱਸਣਾ, ਮਿਲ਼-ਮਿਲ਼ ਬੈਠਣਾ ਚੰਗਾ ਨਹੀਂ ਸੀ ਲੱਗਦਾ। ਉਹਨੇ ਖੀਵੇ ਖ਼ਾਨ ਅੱਗੇ ਉਨ੍ਹਾਂ ਬਾਰੇ ਕਈ ਨਾ ਲਾਉਣ ਵਾਲੀਆਂ ਊਜਾਂ ਲਾਈਆਂ ਤੇ ਉਸ ਦੇ ਮਨ ਵਿਚ ਪਿਆਰ ਵਿਚ ਲੀਨ ਹੋਈਆਂ ਜਵਾਨੀਆਂ ਬਾਰੇ ਕਈ ਸ਼ੰਕੇ ਪੈਦਾ ਕਰ ਦਿੱਤੇ ਅਤੇ ਮਿਰਜ਼ਾ ਸਾਹਿਬਾਂ ਦੀ ਮਮਤਾ ਵਿਚ ਮੁਗਧ ਹੋਏ ਉਹਦੇ ਦਿਲ ਵਿਚ ਕਾਂਜੀ ਘੋਲ ਦਿੱਤੀ।
ਹੁਣ ਖੀਵੇ ਖ਼ਾਨ ਨੂੰ ਮਿਰਜ਼ਾ ਸਾਹਿਬਾਂ ਦਾ ਹੱਸਣਾ, ਖੇਡਣਾ, ਉਠਣਾ, ਬੈਠਣਾ ਪਹਿਲਾਂ ਵਾਂਗ ਨਿੱਘ ਨਹੀਂ ਸੀ ਦਿੰਦਾ। ਉਸ ਪਾਸੋਂ ਲਾਡਾਂ ਮਲ੍ਹਾਰਾਂ ਦੀਆਂ ਗੱਲਾਂ ਨਹੀਂ ਸੀ ਕਰਵਾਉਂਦਾ। ਉਸ ਆਪਣੀ ਭੈਣ ਦਾਨਾਬਾਦ ਤੋਂ ਸੱਦ ਲਈ ਤੇ ਮਿਰਜ਼ੇ ਨੂੰ ਉਹਦੇ ਨਾਲ਼ ਤੋਰ ਦਿੱਤਾ।
ਸਾਹਿਬਾਂ ਤੋਂ ਵਿਛੜ ਜਾਣਾ ਮਿਰਜ਼ੇ ਲਈ ਸੁਖੇਰਾ ਨਹੀਂ ਸੀ। ਉਹਦਾ ਸਕਾ ਮਾਮਾ ਉਹਦੇ ਨਾਲ਼ ਇਸ ਤਰ੍ਹਾਂ ਦਾ ਵਰਤਾਓ ਕਰੇਗਾ? ਮਿਰਜ਼ੇ ਨੂੰ ਇਹਦਾ ਚਿੱਤ ਚੇਤਾ ਵੀ ਨਹੀਂ ਸੀ। ਮਿਰਜ਼ੇ ਨੇ ਦਿਲ 'ਤੇ ਪੱਥਰ ਰੱਖ ਲਿਆ ਤੇ ਉਹ ਸਾਹਿਬਾਂ ਦੀ ਯਾਦ ਦੇ ਸਹਾਰੇ ਆਪਣੇ ਪਿੰਡ ਦਾਨਾਬਾਦ ਆ ਗਿਆ।
ਮਿਰਜ਼ੇ ਦੇ ਕੁਸ਼ਤੀ ਕਰਨ, ਨੇਜ਼ਾਬਾਦੀ ਤੇ ਸ਼ਿਕਾਰ ਆਦਿ ਖੇਡਣ ਦੇ ਸ਼ੌਕ ਵੀ ਉਹਦੇ ਮਨ ਨੂੰ ਸਾਹਿਬਾਂ ਵਲੋਂ ਮੋੜ ਨਾ ਸਕੇ। ਸਾਹਿਬਾਂ ਨਾਲ਼ ਬਿਤਾਏ ਦਿਨਾਂ ਦੀਆਂ ਯਾਦਾਂ ਮਿਰਜ਼ੇ ਲਈ ਆਫ਼ਤਾਂ ਖੜ੍ਹੀਆਂ ਕਰ ਦਿੰਦੀਆਂ। ਉਹਦਾ ਦਿਲ ਕਰਦਾ ਕਿ ਉਹ ਉੱਡ ਕੇ ਸਾਹਿਬਾਂ ਪਾਸ ਪੁੱਜ ਜਾਵੇ ਪਰ ਉਹ ਅਜਿਹਾ ਨਾ ਕਰ ਸਕਦਾ। ਉਹਦੀ ਮਾਂ ਦੇ ਨੈਣਾਂ ਵਿਚ ਛਲਕਦੇ ਅੱਥਰੂ ਉਹਦਾ ਰਾਹ ਰੋਕ ਲੈਂਦੇ।
ਮਿਰਜ਼ੇ ਬਿਨਾਂ ਸਾਹਿਬਾਂ ਦਾ ਜਹਾਨ ਸੁੰਨਾ ਹੋ ਗਿਆ। ਉਹ ਬੜੀ ਰੁੰਨੀ, ਸਹੇਲੀਆਂ ਢਾਰਸਾਂ ਬਨ੍ਹਾਈਆਂ। ਮਤਰੇਈ ਮਾਂ ਦੇ ਨਿੱਤ ਦੇ ਤਾਹਨੇ ਉਹਨੂੰ ਛਲਣੀ ਕਰਨ ਲੱਗੇ।
ਤੇ ਖੀਵਾ ਖ਼ਾਨ ਸਾਹਿਬਾਂ ਦੀ ਮੰਗਣੀ ਚੰਧੜਾਂ ਦੇ ਇਕ ਮੁੰਡੇ ਨਾਲ਼ ਕਰ ਆਇਆ ਤੇ ਵਿਆਹ ਦਾ ਦਿਨ ਵੀ ਧਰ ਦਿੱਤਾ। ਜਦੋਂ ਆਪਣੇ ਮੰਗਣੇ ਅਤੇ ਵਿਆਹ ਦੀ ਕਨਸੋਅ ਸਾਹਿਬਾਂ ਦੇ ਕੰਨੀਂ ਪਈ ਤਾਂ ਉਹ ਤੜਪ ਉੱਠੀ, ਹਨ੍ਹੇਰਾ ਉਹਦੀਆਂ ਅੱਖਾਂ ਅੱਗੇ ਛਾ ਗਿਆ। ਉਹ ਸਾਰੀ ਰਾਤ ਰਜਾਈ ਵਿਚ ਮੂੰਹ ਦੇਈ ਡੁਸਕਦੀ ਰਹੀ, ਹਟਕੋਰੇ ਭਰਦੀ ਰਹੀ, ਆਪਣੇ ਧੁੰਦਲੇ ਭਵਿੱਖ ਬਾਰੇ ਸੋਚਦੀ ਰਹੀ

ਪੰਜਾਬੀ ਲੋਕ ਗਾਥਾਵਾਂ/ 115