ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/121

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਾਹਿਬਾਂ ਘਰਦਿਆਂ ਪਾਸੋਂ ਅੱਖ ਬਚਾ ਕੇ ਬੀਬੋ ਦੇ ਘਰ ਪੁੱਜ ਗਈ। ਉਸ ਮਿਰਜ਼ੇ ਦੁਆਲ਼ੇ ਬਾਹਾਂ ਵਲ ਦਿੱਤੀਆਂ ਤੇ ਡੁਸਕਣ ਲੱਗ ਪਈ।
"ਸਾਹਿਬਾਂ ਰੋ ਕੇ ਕੁਝ ਨਹੀਂ ਜੇ ਬਣਨਾ। ਹੌਸਲਾ ਕਰ। ਤੇਰਾ ਵਿਆਹ ਹੁਣ ਰੁਕ ਨਹੀਂ ਸਕਦਾ। ਮਾਂ ਮੇਰੀ ਬਹੁਤੇਰੇ ਵਾਸਤੇ ਪਾ ਚੁੱਕੀ ਏ, ਮਾਮਾ ਨਹੀਂ ਮੰਨਿਆ। ਇਹ ਝੂਠੀ ਲੋਕ ਲਾਜ, ਇਹ ਝੂਠੀਆਂ ਸਮਾਜਕ ਬੰਦਸ਼ਾਂ ਸਾਡੇ ਰਾਹ ਵਿਚ ਰੋਕਾਂ ਬਣ ਖਲੋਈਆਂ ਨੇ।ਸਾਡਾ ਮਜ਼ਹਬ ਤੇਰੇ ਮੇਰੇ ਵਿਆਹ ਦੀ ਆਗਿਆ ਦਿੰਦਾ ਏ ਪਰ ਇਹ ਲੋਕ ਨਹੀਂ ਮੰਨਦੇ। ਸਾਡੀਆਂ ਰੂਹਾਂ ਨੂੰ ਕਤਲ ਕਰਕੇ ਹੀ ਇਨ੍ਹਾਂ ਨੂੰ ਸ਼ਾਂਤੀ ਮਿਲਦੀ ਏ ਮਿਰਜ਼ਾ ਗੰਭੀਰ ਹੋਇਆ ਸਾਹਿਬਾਂ ਦਾ ਦਿਲ ਧਰੌਣ ਲੱਗਾ।
"ਮਿਰਜ਼ਿਆ ਮੈਂ ਤੇਰੇ ਬਿਨਾਂ ਕਿਸੇ ਹੋਰ ਨੂੰ ਆਪਣਾ ਨਹੀਂ ਬਣਾ ਸਕਦੀ। ਅੱਧੀ ਰਾਤ ਹੋ ਚੁੱਕੀ ਏ, ਕੁਝ ਸੋਚ, ਕੁਝ ਉਪਾਅ ਕਰ।"
"ਸਾਹਿਬਾਂ ਮੈਂ ਸਭ ਕੁਝ ਸੋਚ ਕੇ ਹੀ ਆਇਆ ਹਾਂ। ਤੂੰ ਤਾਂ ਮੇਰੀ ਜ਼ਿੰਦਗੀ ਏਂ। ਉਹ ਕਿਹੜਾ ਸੂਰਮਾ ਹੈ ਜਿਹੜਾ ਹੁਣ ਤੈਨੂੰ ਮੇਰੇ ਪਾਸੋਂ ਖੋਹ ਲਵੇਗਾ?" ਮਿਰਜ਼ੇ ਨੇ ਸਾਹਿਬਾਂ ਨੂੰ ਆਪਣੇ ਕਲਾਵੇ 'ਚ ਲੈ ਲਿਆ।
ਬਾਹਰੋਂ ਮਿਰਜ਼ੇ ਦੀ ਬੱਕੀ ਹੋਣਹਿਣਾਈ ਹੈ।
"ਚਲ ਸਾਹਿਬਾਂ, ਤੈਨੂੰ ਦਾਨਾਬਾਦ ਲੈ ਚੱਲਾਂ।ਤਿਆਰ ਏ ਨਾ ਮੇਰੇ ਨਾਲ਼ ਹੁਣੇ ਟੁਰਨ ਲਈ।’’ ਮਿਰਜ਼ਾ ਪ੍ਰਸ਼ਨ ਸੂਚਕ ਨਿਗਾਹਾਂ ਨਾਲ ਸਾਹਿਬਾਂ ਦੇ ਕੁਮਲਾਏ ਮੁਖੜੇ ਵੱਲ ਤੱਕਣ ਲੱਗਾ।
ਬਿਨਾਂ ਇਕ ਪਲ ਸੋਚੇ ਸਾਹਿਬਾਂ ਬੋਲੀ, "ਮਿਰਜ਼ਿਆ ਇਹਦਾ ਜੁਆਬ ਆਪਣੇ ਦਿਲ ਪਾਸੋਂ ਪੁੱਛ। ਮੇਰੀ ਜਿੰਦ ਤੇਰੇ ਹਵਾਲੇ ਹੈ।"
ਤੇ ਮਿਰਜ਼ਾ ਸਾਹਿਬਾਂ ਨੂੰ ਬੱਕੀ ਤੇ ਚੜ੍ਹਾ ਕੇ ਦਾਨਾਬਾਦ ਨੂੰ ਨਸ ਟੁਰਿਆ।
ਕਾਜ਼ੀ ਹੋਰੀਂ ਨਿਕਾਹ ਪੜ੍ਹਾਉਣ ਲਈ ਪੁੱਜ ਗਏ।ਖੀਵੇ ਹੋਰਾਂ ਸਾਰਾ ਘਰ ਛਾਣ ਮਾਰਿਆ, ਸਾਹਿਬਾਂ ਕਿਧਰੇ ਵਿਖਾਈ ਨਾ ਦਿੱਤੀ। ਨਮੋਸ਼ੀ ਦੇ ਕਾਰਨ ਖੀਵੇ ਨੂੰ ਗਸ਼ੀਆਂ ਪੈਣ ਲੱਗੀਆਂ। ਸਾਰਾ ਪਿੰਡ ਸਾਹਿਬਾਂ ਦੀ ਭਾਲ ਕਰਨ ਲੱਗਾ। ਖੌਰੇ ਕਿਸੇ ਖੂਹ ਖਾਤੇ ਵਿਚ ਡੁੱਬ ਮੋਈ ਹੋਵੇ ਕੋਈ ਆਖਦਾ। ਕਿਸੇ ਆਖਿਆ, "ਰਾਤੀਂ ਮੈਂ ਮਿਰਜ਼ੇ ਨੂੰ ਆਉਂਦੇ ਵੇਖਿਆ ਹੈ। ਹੋ ਸਕਦਾ ਹੈ ਉਹ ਹੀ ਸਾਹਿਬਾਂ ਨੂੰ ਉਧਾਲ ਕੇ ਲੈ ਗਿਆ ਹੋਵੇ।
ਇਹ ਸੁਣ ਸਾਹਿਬਾਂ ਦੇ ਭਰਾ ਸ਼ਮੀਰ ਤੇ ਝੂਮਰਾ ਤੈਸ਼ ਵਿਚ ਆ ਗਏ।ਉਹ ਦੋ ਵਾਹਰਾਂ ਬਣਾ ਕੇ ਦਾਨਾਬਾਦ ਦੇ ਰਸਤੇ ਪੈ ਗਏ। ਘੋੜੀਆਂ ਅਤੇ ਊਠਾਂ ਦੀ ਧੂੜ ਇਕ ਤੁਫ਼ਾਨੀ ਹਨੇਰੀ ਵਾਂਗ ਦਾਨਾਬਾਦ ਵੱਲ ਵਧਣ ਲੱਗੀ।ਮਿਰਜ਼ੇ ਦੀ ਬੱਕੀ ਸਿਰ ਤੋੜ ਦੌੜਦੀ ਹੋਈ ਦਾਨਾਬਾਦ ਦੇ ਨੇੜੇ ਪੁੱਜ ਗਈ।ਰਾਤ ਦਾ ਉਣੀਂਦਰਾ ਤੇ ਸਫ਼ਰ ਦਾ ਥਕੇਵਾਂ ਬੱਕੀ 'ਤੇ ਭਾਰੂ ਹੋ ਗਿਆ।

ਪੰਜਾਬੀ ਲੋਕ ਗਾਥਾਵਾਂ/ 117