ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਹੁਣ ਅਸੀਂ ਵੈਰੀ ਦੀ ਮਾਰ ਤੋਂ ਦੂਰ ਆ ਚੁੱਕੇ ਆਂ। ਉਸ ਜੰਡ ਥੱਲੇ ਇਕ ਪਲ ਸੁਸਤਾ ਲਈਏ।" ਆਖ ਮਿਰਜ਼ੇ ਨੇ ਬੱਕੀ ਜੰਡ ਨਾਲ਼ ਬੰਨ੍ਹ ਦਿੱਤੀ ਤੇ ਆਪ ਸਾਹਿਬਾਂ ਦੇ ਪੱਟ ਦਾ ਸਿਰਹਾਣਾ ਲਾ ਕੇ ਸੌਂ ਗਿਆ।
ਸਾਹਿਬਾਂ ਨੇ ਕਈ ਵਾਰੀ ਮਿਰਜ਼ੇ ਨੂੰ ਜਗਾਇਆ ਵੀ ਪਰ ਉਹ ਘੂਕ ਸੁੱਤਾ ਰਿਹਾ। ਘੋੜੀਆਂ ਦੀਆਂ ਟਾਪਾਂ ਨੇੜੇ ਆਉਂਦੀਆਂ ਗਈਆਂ। ਸਾਹਿਬਾਂ ਵੇਖਿਆ ਉਹਦਾ ਭਰਾ ਸ਼ਮੀਰ ਵਾਹਰ ਸਮੇਤ ਉਨ੍ਹਾਂ ਵੱਲ ਮਾਰੋ-ਮਾਰ ਕਰਦਾ ਹੋਇਆ ਵਧ ਰਿਹਾ ਸੀ:

ਦੱਖਣ ਦੇ ਵੱਲੋਂ ਚੜ੍ਹੀਆਂ ਨੇ ਨ੍ਹੇਰੀਆਂ
ਉਡਦੇ ਨੇ ਗਰਦ ਗੁਬਾਰ
ਬੁਲਬਲਾਂ ਵਰਗੀਆਂ ਘੋੜੀਆਂ
ਉੱਤੇ ਵੀਰਾਂ ਜਹੇ ਅਸਵਾਰ
ਹੱਥੀਂ ਤੇਗਾਂ ਨੰਗੀਆਂ
ਕਰਦੇ ਮਾਰੋ-ਮਾਰ
ਵੇ ਤੂੰ ਹੇਠਾਂ ਜੰਡ ਦੇ ਸੌਂ ਗਿਐਂ
ਜੱਟਾ ਕਰਕੇ ਆ ਗਿਆ ਵਾਰ
ਤੈਨੂੰ ਭੱਜੇ ਨੂੰ ਜਾਣ ਨਾ ਦੇਣਗੇ
ਜੱਟਾ ਜਾਨੋਂ ਦੇਣਗੇ ਮਾਰ

ਸਾਹਿਬਾਂ ਨੇ ਵੇਖਿਆ ਵਾਹਰ ਵਾਹੋ-ਦਾਹੀ ਉਨ੍ਹਾਂ ਵੱਲ ਵਧ ਰਹੀ ਹੈ। ਉਸ ਨੇ ਬੜੇ ਹੌਸਲੇ ਨਾਲ਼ ਘੂਕ ਸੁੱਤੇ ਪਏ ਮਿਰਜ਼ੇ ਨੂੰ ਹਲੂਣਿਆ, "ਮਿਰਜ਼ਿਆ ਜਾਗ ਖੋਲ੍ਹ, ਵੈਰੀ ਸਿਰ 'ਤੇ ਪੁੱਜ ਗਏ ਨੇ, ਚਲ ਛੇਤੀ ਉਠ।" ਮਿਰਜ਼ਾ ਇਕਦਮ ਉਠਿਆ ਤੇ ਆਪਣੇ ਆਪ ਨੂੰ ਸੰਭਾਲ ਕੇ ਸ਼ਮੀਰ ਹੋਰਾਂ ਦੀ ਵਾਰ ਦਾ ਮੁਕਾਬਲਾ ਬੜੀ ਬਹਾਦਰੀ ਨਾਲ਼ ਕਰਨ ਲੱਗਾ:

ਭੱਥੇ 'ਚੋਂ ਕੱਢ ਲਿਆ ਜੱਟ ਨੇ ਟੋਲ਼ ਕੇ
ਰੰਗ ਦਾ ਸੁਨਹਿਰੀ ਤੀਰ
ਮਾਰਿਆ ਜੱਟ ਨੇ ਮੁੱਛਾਂ ਕੋਲੋਂ ਵੱਟ ਕੇ
ਉੱਡ ਗਿਆ ਵਾਂਗ ਭੰਬੀਰ
ਪੰਜ-ਸੱਤ ਲਾਹ ਲਏ ਘੋੜਿਓਂ

ਪੰਜਾਬੀ ਲੋਕ ਗਾਥਾਵਾਂ/ 118