ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/125

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਰਾਮਾਤੀ ਹੱਥਾਂ ਦਾ ਕਮਾਲ ਸਨ- ਤੱਕਿਆਂ ਭੁੱਖ ਲਹਿੰਦੀ ਸੀ।
"ਇਹ ਬਹੁਤ ਸੁੰਦਰ ਹਨ- ਅਤੀ ਸੁੰਦਰ। ਕੋਈ ਕਦਰਦਾਨ ਦਿਲ ਹੀ ਇਨ੍ਹਾਂ ਦਾ ਮੁੱਲ ਤਾਰ ਸਕਦਾ ਹੈ। ਤੁਸੀਂ ਏਡੇ ਮਨਮੋਹਣੇ ਭਾਂਡੇ ਕਿਵੇਂ ਬਣਾ ਲੈਂਦੇ ਹੋ?" ਇੱਜ਼ਤ ਬੇਗ ਦੀਆਂ ਪ੍ਰਸੰਸਾ ਭਰੀਆਂ ਤੱਕਣੀਆਂ ਜਾਣਕਾਰੀ ਲੋੜਦੀਆਂ ਸਨ।
ਪ੍ਰਸੰਸਾ ਦੇ ਸ਼ਬਦ ਸੁਣ ਕੇ ਤੁੱਲੇ ਦੀਆਂ ਅੱਖਾਂ ਚਮਕ ਉੱਠੀਆਂ। ਉਹ ਇੱਜ਼ਤ ਬੇਗ ਨੂੰ ਆਪਣੇ ਅੰਦਰ-ਬਾਰ ਲੈ ਗਿਆ ਜਿੱਥੇ ਭਾਂਡੇ ਬਣ ਰਹੇ ਸਨ। ਚੱਕ ਬੜੀ ਤੇਜ਼ੀ ਨਾਲ ਘੁੰਮ ਰਿਹਾ ਸੀ ਤੇ ਤੁੱਲੇ ਦੀ ਮੁਟਿਆਰ ਧੀ ਆਪਣੀਆਂ ਕੋਮਲ ਉਂਗਲਾਂ ਨਾਲ ਗੁੰਨ੍ਹੀ ਹੋਈ ਮਿੱਟੀ ਨੂੰ ਜਾਦੂ ਭਰੀਆਂ ਛੂਹਾਂ ਦੇ ਰਹੀ ਸੀ।
"ਇਹ ਹੈ ਮੇਰੀ ਧੀ ਸੋਹਣੀ, ਇਹ ਸਾਰੇ ਭਾਂਡੇ ਏਸੇ ਦੇ ਬਣਾਏ ਹੋਏ ਹਨ।" ਤੁੱਲੇ ਨੇ ਆਪਣੀ ਧੀ ਵੱਲ ਇਸ਼ਾਰਾ ਕੀਤਾ।
ਘੁੰਮਦਾ ਚੱਕ ਹੌਲ਼ੀ ਹੋ ਗਿਆ। ਮੁਟਿਆਰ ਚੱਕ ਉਤੇ ਜਨਮ ਲੈ ਰਹੇ ਸ਼ਾਹਕਾਰ ਵਿਚ ਮਗਨ ਸੀ, ਉਸ ਜ਼ਰਾ ਕੁ ਪਿੱਛੇ ਮੁੜ ਕੇ ਤੱਕਿਆ- ਕਾਲ਼ੀਆਂ ਘਟਾਵਾਂ ਪਿੱਛੋਂ ਚੰਦ ਦੀ ਪਿਆਰੀ ਟੁਕੜੀ ਟਹਿਕ ਪਈ।
ਇੱਜ਼ਤ ਬੇਗ ਨੇ ਧੁੱਪ ਵਿਚ ਸੁਕਾਏ ਜਾ ਰਹੇ ਭਾਂਡੇ ਤੱਕੇ ਅਤੇ ਆਵੇ ਵਿਚ ਪਕਾਏ ਜਾ ਰਹੇ ਭਾਂਡਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਜਿੰਨੀ ਦੇਰ ਉਹ ਇਸ ਬਾੜੇ ਵਿਚ ਰਿਹਾ ਸੋਹਣੀ ਦੀ ਪਿਆਰੀ ਸੂਰਤ ਉਹਨੂੰ ਨਜ਼ਰੀਂ ਆਂਦੀ ਰਹੀ। ਉਸ ਨੂੰ ਭਾਂਡਿਆਂ ਦੀ ਖ਼ੂਬਸੂਰਤੀ ਦਾ ਭੇਤ ਸਮਝ ਪੈ ਗਿਆ, "ਸੋਹਣੀ ਦਾ ਆਪਣਾ ਰੂਪ ਹੀ ਤਾਂ ਇਨ੍ਹਾਂ ਭਾਂਡਿਆਂ ਵਿਚ ਸਮਾਇਆ ਹੋਇਆ ਹੈ ਜਿਸ ਕਰਕੇ ਉਹ ਐਨੇ ਖ਼ੂਬਸੂਰਤ ਲਗਦੇ ਨੇ।"
ਇੱਜ਼ਤ ਬੇਗ ਨੇ ਬਹੁਤ ਸਾਰੇ ਭਾਂਡੇ ਖ਼ਰੀਦ ਲਏ ਜੋ ਮੁੱਲ ਤੁੱਲੇ ਨੇ ਮੰਗਿਆ ਉਹਨੇ ਤਾਰ ਦਿੱਤਾ।
ਤੁੱਲੇ ਦੀ ਦੁਕਾਨ ਵਿਚੋਂ ਨਿਕਲ਼ਦਿਆਂ ਇੱਜ਼ਤ ਬੇਗ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਉਹ ਕਿਸੇ ਮੰਦਰ ਦੀ ਜ਼ਿਆਰਤ ਕਰਕੇ ਆ ਰਿਹਾ ਹੋਵੇ।
ਹੁਣ ਤੁੱਲੇ ਦੀ ਹੁਸ਼ਨਾਕ ਧੀ, ਸੋਹਣੀ, ਇੱਜ਼ਤ ਬੇਗ ਦੇ ਖ਼ਿਆਲਾਂ 'ਤੇ ਛਾ ਚੁੱਕੀ ਸੀ।
ਇੱਜ਼ਤ ਬੇਗ ਨੇ ਖ਼ੂਬਸੂਰਤ ਭਾਂਡੇ ਆਪਣੇ ਤੰਬੂ ਵਿਚ ਸਜਾ ਦਿੱਤੇ ਜਿਸ ਭਾਂਡੇ ਵਲ ਉਹ ਤੱਕਦਾ, ਚੰਨ ਨਾਲੋਂ ਪਿਆਰੀ ਸੋਹਣੀ ਨਜ਼ਰ ਆਂਦੀ। ਹਰ ਪਾਸੇ ਸੋਹਣੀ, ਜਿਧਰ ਵੀ ਤੱਕਦਾ ਮੁਸਕਰਾਉਂਦੀ ਸੋਹਣੀ ਵਿਖਾਈ ਦਿੰਦੀ। ਸਾਰੀ ਰਾਤ ਉਹ ਸੋਹਣੀ ਦੇ ਖ਼ਿਆਲਾਂ ਵਿਚ ਖੋਇਆ ਰਿਹਾ, ਇਕ ਪਲ ਲਈ ਵੀ ਉਹਨੂੰ ਨੀਂਦ ਨਾ ਆਈ। ਪੈਸੇ ਦਾ ਵਣਜ ਕਰਨ ਆਇਆ ਸੌਦਾਗਰ ਇਸ਼ਕ ਦਾ ਵਣਜ ਕਰਨ

ਪੰਜਾਬੀ ਲੋਕ ਗਾਥਾਵਾਂ/ 121