ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/127

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਝਨਾਅ ਦੇ ਬੇਲੇ ਵਿਚ ਪੁੱਜ ਜਾਂਦਾ।ਇੱਜ਼ਤ ਬੇਗ ਤੋਂ ਉਹ ਹੁਣ ਮਹੀਂਵਾਲ ਬਣ ਚੁੱਕਾ ਸੀ, ਉਹ ਨੂੰ ਇਸੇ ਨਾਂ ਨਾਲ਼ ਸੱਦਦੇ ਸਨ। ਕੋਈ ਡੇਢ ਵਰ੍ਹਾ ਇਸੇ ਤਰ੍ਹਾਂ ਲੰਘ ਗਿਆ। ਸੋਹਣੀ ਦੀ ਰਾਂਗਲੀ ਨੁਹਾਰ ਉਹਨੂੰ ਜ਼ਿੰਦਗੀ ਜੀਣ ਦਾ ਲਾਰਾ ਦਈ ਜਾ ਰਹੀ ਸੀ। ਉਹ ਕਲਪਨਾ ਵਿਚ ਹੀ ਕਈ ਵਾਰ ਸੋਹਣੀ ਨਾਲ਼ ਸ਼ਹਿਦ ਭਰੀਆਂ ਗੱਲਾਂ ਕਰਦਾ, ਰੁੱਸਦਾ, ਹੱਸਦਾ ਅਤੇ ਮਨਮਨਾਈ ਕਰਦਾ। ਪਰੰਤੂ ਸੋਹਣੀ ਉਹਦੇ ਪਾਸੋਂ ਬਹੁਤ ਦੂਰ ਸੀ- ਅਸਮਾਨੀ ਤਾਰਿਆਂ ਨਾਲੋਂ ਵੀ ਦੂਰ। ਸੋਹਣੀ ਤਾਂ ਉਹਦੇ ਲਈ ਲਾਜਵੰਤੀ ਦਾ ਬੂਟਾ ਸੀ, ਜਿਹੜਾ ਹੱਥ ਲਾਇਆਂ ਕੁਮਲਾ ਜਾਂਦਾ ਏ।
ਇਕ ਦਿਨ ਸੋਹਣੀ ਮਹੀਂਵਾਲ ਲਈ ਭੱਤਾ ਲੈ ਕੇ ਆ ਗਈ।ਉਹਦਾ ਚੋ ਚੋਂ ਪੈਂਦਾ ਰੂਪ ਮਹੀਂਵਾਲ ਨੂੰ ਤੜਪਾ ਗਿਆ।ਉਸ ਆਪਣਾ ਦਿਲ ਸੋਹਣੀ ਅੱਗੇ ਫੋਲ ਸੁਟਿਆ।
“ਸੋਹਣੀਏ ! ਮੈਂ ਤੇਰੇ ਪਿੱਛੇ ਆਪਣੇ ਮਾਂ ਬਾਪ ਅਤੇ ਪਿਆਰਾ ਦੇਸ਼ ਛੱਡ ਦਿੱਤੈ ਪਰ ਤੂੰ ਏਂ ਜੀਹਨੇ ਮੇਰੇ ਨਾਲ਼ ਅਜੇ ਤਕ ਸਿੱਧੇ ਮੂੰਹ ਗੱਲ ਵੀ ਨਹੀਂ ਕੀਤੀ। ਹਜ਼ਾਰਾਂ ਲੱਖਾਂ ਦੀ ਦੌਲਤ ਨੂੰ ਲੱਤ ਮਾਰ ਕੇ ਮੈਂ ਤੇਰੀਆਂ ਮੱਝਾਂ ਚਾਰ ਰਿਹਾਂ। ਕੁਝ ਰਹਿਮ ਕਰ ਸੋਹਣੀਏਂ। ਕੁਝ ਤਰਸ ਕਰ ਹੁਸਨ ਪਰੀਏ।”
ਮਹੀਂਵਾਲ ਦੇ ਇਹ ਬੋਲ ਸੋਹਣੀ ਦੇ ਧੁਰ ਅੰਦਰ ਤਕ ਲਹਿ ਗਏ ਅਤੇ ਉਸ ਦੇ ਹੁਸ਼ਨਾਕ ਚਿਹਰੇ 'ਤੇ ਲਾਲੀ ਦੀ ਲਹਿਰ ਦੌੜ ਗਈ। ਉਹਨੇ ਮਹੀਂਵਾਲ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਤੇ ਆਪਣੀ ਮੁਹੱਬਤ ਇਸ਼ਕ ਦੀ ਦਹਿਲੀਜ਼ੇ ਚੜ੍ਹਾ ਦਿੱਤੀ।
“ਸੋਹਣੀਏਂ ਦੁਨੀਆਂ ਦੀ ਸਾਰੀ ਦੌਲਤ ਅੱਜ ਮੇਰੀ ਝੋਲੀ ਵਿਚ ਏ, ਮੇਰੇ ਨਾਲ਼ੋ ਅਮੀਰ ਹੁਣ ਦੁਨੀਆਂ ਵਿਚ ਦੂਜਾ ਕੋਈ ਨਹੀਂ।”
“ਮਹੀਂਵਾਲਾ ਮੈਂ ਆਪਣੀ ਪਾਕ ਮੁਹੱਬਤ ਤੇਰੇ ਹਵਾਲੇ ਕਰ ਦਿੱਤੀ ਐ. ਮੈਂ ਵਫ਼ਾ ਨਿਭਾਵਾਂਗੀ ਇਸ਼ਕ ਨੂੰ ਦਾਗ ਨਹੀਂ ਲੱਗਣ ਦਿਆਂਗੀ...!”
ਸੋਹਣੀ ਮਹੀਂਵਾਲ ਹਰ ਰੋਜ਼ ਬੇਲੇ ਵਿਚ ਪਿਆਰ ਮਿਲਣੀਆਂ ਮਾਣਦੇ ਰਹੇ।
ਬੇਲੇ ਵਿਚ ਸੋਹਣੀ ਦਾ ਰੋਜ਼ ਮਹੀਂਵਾਲ ਪਾਸ ਜਾਣਾ ਕਈ ਖਚਰੀਆਂ ਨਜ਼ਰਾਂ ਨੂੰ ਖੁੜਕ ਗਿਆ। ਉਨ੍ਹਾਂ ਦੇ ਇਸ਼ਕ ਦੀ ਚਰਚਾ ਸ਼ੁਰੂ ਹੋ ਗਈ:

ਤੂੰ ਹੱਸਦੀ ਦਿਲ ਰਾਜ਼ੀ ਮੇਰਾ
ਲਗਦੇ ਨੇ ਬੋਲ ਪਿਆਰੇ
ਚੱਲ ਕਿਧਰੇ ਦੋ ਗੱਲਾਂ ਕਰੀਏ
ਬਹਿ ਕੇ ਨਦੀ ਕਿਨਾਰੇ
ਲੁਕ ਲੁਕ ਲਾਈਆਂ ਪ੍ਰਗਟ ਹੋਈਆਂ

ਪੰਜਾਬੀ ਲੋਕ ਗਾਥਾਵਾਂ/ 123