ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/128

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਵਜ ਗਏ ਢੋਲ ਨਿਗਾਰੇ
ਸੋਹਣੀਏਂ ਆ ਜਾ ਨੀ
ਡੁੱਬਦਿਆਂ ਨੂੰ ਰੱਬ ਤਾਰੇ

ਤੁੱਲੇ ਨੂੰ ਵੀ ਸੋਹਣੀ ਮਹੀਂਵਾਲ ਦੇ ਪ੍ਰੇਮ ਬਾਰੇ ਸੂਹ ਮਿਲ ਗਈ। ਦੋ ਜਵਾਨੀਆਂ ਦੀ ਪਾਕ ਮੁਹੱਬਤ ਨੂੰ ਉਨ੍ਹਾਂ ਪ੍ਰਵਾਨ ਨਾ ਕੀਤਾ। ਮਹੀਂਵਾਲ ਨੂੰ ਚਾਕਰੀਓਂ ਜਵਾਬ ਮਿਲ ਗਿਆ ਤੇ ਸੋਹਣੀ ਨੂੰ ਉਨ੍ਹਾਂ ਗੁਜਰਾਤ ਦੇ ਇਕ ਹੋਰ ਘੁਮਾਰਾਂ ਦੇ ਮੁੰਡੇ ਨਾਲ਼ ਵਿਆਹ ਦਿੱਤਾ।
ਸੋਹਣੀ ਮਹੀਂਵਾਲ ਲਈ ਤੜਫ਼ਦੀ ਰਹੀ, ਮਹੀਂਵਾਲ ਸੋਹਣੀ ਦੇ ਵੈਰਾਗ ਵਿਚ ਹੰਝੂ ਕੇਰਦਾ ਰਿਹਾ। ਝੂਠੀ ਲੋਕ ਲਾਜ ਨੇ ਦੋ ਪਿਆਰੇ ਵਿਛੋੜ ਦਿੱਤੇ, ਦੋ ਰੂਹਾਂ ਘਾਇਲ ਕਰ ਦਿੱਤੀਆਂ।
ਇੱਜ਼ਤ ਬੇਗੋਂ ਮਹੀਂਵਾਲ ਬਣਿਆਂ ਮਹੀਂਵਾਲ ਮਹੀਂਵਾਲੋਂ ਫ਼ਕੀਰ ਬਣ ਗਿਆ ਤੇ ਗੁਜਰਾਤ ਤੋਂ ਵਜ਼ੀਰਾਬਾਦ ਦੇ ਪਾਸੇ ਇਕ ਮੀਲ ਦੀ ਦੂਰੀ 'ਤੇ ਝਨਾਅ ਦਰਿਆ 'ਤੇ ਪਾਰਲੇ ਕੰਢੇ ਝੁੱਗੀ ਜਾ ਪਾਈ।
ਸੋਹਣੀ ਹੁਣ ਆਪਣੇ ਸਹੁਰੇ ਘਰ ਰਹਿ ਰਹੀ ਸੀ। ਇਕ ਦਿਨ ਫ਼ਕੀਰ ਬਣਿਆਂ ਮਹੀਂਵਾਲ ਸੋਹਣੀ ਨੂੰ ਜਾ ਮਿਲ਼ਿਆ ਤੇ ਉਨ੍ਹਾਂ ਹਰ ਰੋਜ਼ ਅੱਧੀ ਰਾਤ ਮਗਰੋਂ ਝਨਾਅ ਦੇ ਕੰਢੇ ਮਿਲਣਾ ਨੀਯਤ ਕਰ ਲਿਆ।
ਅੱਧੀ ਰਾਤ ਗੁਜ਼ਰਦੀ, ਸੋਹਣੀ ਆਪਣੇ ਘਰਦਿਆਂ ਤੋਂ ਚੋਰੀ ਉਠਦੀ ਤੇ ਇਕ ਮੀਲ ਬੇਲੇ ਦੇ ਤਰਾਹ-ਤਰਾਹ ਕਰ ਰਹੇ ਸੁੰਨਸਾਨ ਰਾਹਾਂ ਵਿਚੋਂ ਲੰਘਦੀ ਹੋਈ ਆਪਣੇ ਮਹੀਂਵਾਲ ਨੂੰ ਜਾ ਮਿਲਦੀ। ਮਹੀਂਵਾਲ ਪਾਰੋਂ ਕਾਲ਼ੀ ਬੋਲ੍ਹੀ ਰਾਤ ਵਿਚ ਝਨਾਅ ਪਾਰ ਕਰਕੇ ਆਉਂਦਾ। ਸਤਾਰਿਆਂ ਜੜੇ ਚੰਦੋਏ ਦੀ ਛਾਂ ਥੱਲੇ ਦੋ ਘਾਇਲ ਰੂਹਾਂ ਮਿਲਦੀਆਂ, ਪਿਆਰੀਆਂ, ਰਸ ਭਰੀਆਂ ਤੇ ਨਾ ਮੁੱਕਣ ਵਾਲੀਆਂ ਗੱਲਾਂ ਕਰਦੀਆਂ।
ਇਕ ਰਾਤ ਝਨਾਅ ਪਾਰ ਕਰੇਂਦੇ ਮਹੀਂਵਾਲ ਦੇ ਤੇਂਦੂਏ ਨੇ ਚੱਕ ਮਾਰਿਆ ਤੇ ਉਹਦਾ ਪੱਟ ਚੀਰ ਸੁੱਟਿਆ। ਹੁਣ ਉਹਦੇ ਲਈ ਤੈਰਨਾ ਮੁਸ਼ਕਲ ਹੋ ਗਿਆ ਸੀ।
ਇਹ ਰਵਾਇਤ ਵੀ ਪ੍ਰਚੱਲਤ ਹੈ ਕਿ ਮਹੀਂਵਾਲ ਸੋਹਣੀ ਲਈ ਮੱਛੀਆਂ ਭੁੰਨ ਕੇ ਲਿਆਉਂਦਾ ਸੀ। ਇਕ ਰਾਤ ਮੱਛੀਆਂ ਨਾ ਮਿਲੀਆਂ ਤਾਂ ਉਸ ਨੇ ਆਪਣੇ ਪੱਟ ਨੂੰ ਚੀਰ ਕੇ ਮਾਸ ਭੁੰਨ ਲਿਆ।

ਖ਼ਾਤਰ ਸੋਹਣੀ ਦੀ
ਪੱਟ ਚੀਰ ਕਬਾਬ ਬਣਾਇਆ(ਲੋਕ ਗੀਤ)

ਪੰਜਾਬੀ ਲੋਕ ਗਾਥਾਵਾਂ/ 124