ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰਵੇਸ਼

ਬਚਪਨ ਤੋਂ ਹੀ ਲੋਕ ਗਾਥਾਵਾਂ ਮੇਰੀ ਅੰਤਰ-ਆਤਮਾ ਵਿਚ ਰਮੀਆਂ ਹੋਈਆਂ ਹਨ। ਮੇਰਾ ਬਾਪੂ ਖੇਤੀ ਦਾ ਕੰਮ ਕਰਦਿਆਂ ਅਕਸਰ ਮਿਰਜ਼ੇ ਦੀਆਂ ਕਲੀਆਂ ਲਾਉਂਦਾ। ਕਦੀ-ਕਦੀ ਮੇਰੀ ਬੇਬੇ ਚਰਖਾ ਕੱਤਦੀ ਹੋਈ ਜੋਗੀ ਬਣੇ ਰਾਂਝੇ ਦੇ ਬਿਰਤਾਂਤ ਨੂੰ ਲਟਕਾਂ ਨਾਲ਼ ਗਾਉਂਦੀ। ਤਾਈ ਪੰਜਾਬੋ ਨੇ ਜਦੋਂ "ਹਾਏ ਵੇ ਪੁੰਨੂੰ ਜ਼ਾਲਮਾ, ਦਿਲਾਂ ਦਿਆ ਮਹਿਰਮਾਂ" ਸੱਸੀ ਦਾ ਗੀਤ ਦਰਦੀਲੇ ਬੋਲਾਂ ਨਾਲ਼ ਗਾਉਣਾ ਤਾਂ ਸੱਸੀ ਪੁੰਨੂੰ ਦੀ ਦਿਲ ਹੂਲਵੀਂ ਮੁਹੱਬਤ ਨੈਣਾਂ ਅੱਗੇ ਆ ਖੜੋਂਦੀ। ਵਿਆਹ ਸ਼ਾਦੀ ਦੇ ਅਵਸਰ 'ਤੇ ਜਦੋਂ ਸਾਡੇ ਪਿੰਡਾਂ ਵਿਚ ਬਰਾਤਾਂ ਤਿੰਨ-ਤਿੰਨ ਦਿਨ ਠਹਿਰਦੀਆਂ ਸਨ ਤਾਂ ਗੱਭਲੇ ਦਿਨ ਬਰਾਤ ਨਾਲ਼ ਆਏ ਢਾਡੀਆਂ ਅਤੇ ਕਵੀਸ਼ਰਾਂ ਨੇ ਅਖਾੜੇ ਲਾਉਣੇ। ਉਨ੍ਹਾਂ ਪਾਸੋਂ ਹੀਰ-ਰਾਂਝਾ, ਸੱਸੀ-ਪੁੰਨੂੰ, ਸੋਹਣੀ-ਮਹੀਂਵਾਲ, ਮਿਰਜ਼ਾ-ਸਾਹਿਬਾਂ ਦੀਆਂ ਪ੍ਰੀਤ ਗਾਥਾਵਾਂ ਤੋਂ ਇਲਾਵਾ ਪੂਰਨ ਭਗਤ, ਰਾਜਾ ਰਸਾਲੂ, ਦੁੱਲਾ ਭੱਟੀ, ਰਾਜਾ ਭਰਥਰੀ, ਸੁੱਚਾ ਸੂਰਮਾ ਅਤੇ ਜੀਊਣਾ ਮੌੜ ਵਰਗੇ ਸੂਰਮਿਆਂ ਦੀਆਂ ਵੀਰ ਰਸੀ ਗਾਥਾਵਾਂ ਸੁਣ ਕੇ ਅਨੂਠਾ ਆਨੰਦ ਮਾਣਨਾ। ਮੇਲਿਆਂ ਮਸਾਵਿਆਂ 'ਤੇ ਵੀ ਗਮੰਤਰੀ ਅਖਾੜੇ ਲਾਉਂਦੇ ਜਿਥੇ ਉਹ ਪੰਜਾਬੀ ਲੋਕ ਗਾਥਾਵਾਂ ਗਾ ਕੇ ਸਰੋਤਿਆਂ ਦਾ ਮਨੋਰੰਜਨ ਕਰਦੇ। ਲੋਕੀ ਹੁੰਮ ਹੁੰਮਾ ਕੇ ਉਨ੍ਹਾਂ ਨੂੰ ਸੁਣਨ ਜਾਂਦੇ ਸਨ। ਪੁਰਾਣੇ ਸਮੇਂ ਤੋਂ ਹੀ ਲੋਕ ਗਾਥਾਵਾਂ ਪੰਜਾਬੀ ਲੋਕ ਮਾਨਸ ਦੇ ਮਨੋਰੰਜਨ ਦਾ ਪ੍ਰਮੁੱਖ ਸਾਧਨ ਰਹੀਆਂ ਹਨ।

ਮੈਨੂੰ ਬਚਪਨ ਤੋਂ ਹੀ ਪੁਸਤਕਾਂ ਅਤੇ ਕਿੱਸੇ ਪੜ੍ਹਨ ਦਾ ਸ਼ੌਕ ਸੀ। ਏਸੇ ਸ਼ੌਕ ਨੇ ਮੈਨੂੰ ਲੋਕ ਗਾਥਾਵਾਂ ਨਾਲ਼ ਜੋੜਿਆ... ਜਿੱਥੋਂ ਕਿਤੋਂ ਵੀ ਕੋਈ ਕਿੱਸਾ ਮਿਲਣਾ ਲੈ ਆਉਣਾ... ਇੰਜ ਕਿੱਸਿਆਂ ਦਾ ਸੰਗ੍ਰਹਿ ਬਣ ਗਿਆ। ਸ਼ੌਕ ਵਜੋਂ ਇਕ ਕਾਪੀ ਉਤੇ ਲੋਕ ਗੀਤ ਵੀ ਲਿਖ ਲੈਂਦਾ। ਮੇਰੇ ਤਾਂ ਚਿਤ ਚੇਤੇ ਵੀ ਨਹੀਂ ਸੀ ਕਿ ਮੈਂ ਇਨ੍ਹਾਂ ਲੋਕ ਗਾਥਾਵਾਂ ਨੂੰ ਵਾਰਤਕ ਰੂਪ ਵਿਚ ਪਾਠਕਾਂ ਦੇ ਰੂਬਰੂ ਕਰ ਸਕਾਂਗਾ।

ਗੱਲ ਸਾਲ 1954 ਦੀ ਹੈ, ਓਦੋਂ ਮੈਂ ਦਸਵੀਂ ਪਾਸ ਕਰਨ ਉਪਰੰਤ ਜੇ.ਬੀ.ਟੀ. ਦਾ ਕੋਰਸ ਕਰਕੇ ਅਧਿਆਪਕ ਲੱਗ ਗਿਆ ਸਾਂ। ਸਕੂਲੀ ਦਿਨਾਂ ਵਿਚ ਡੰਗਰ-ਪਸ਼ੂ ਚਾਰਦੇ ਹੋਏ ਪਾਈਆਂ ਤੇ ਸੁਣੀਆਂ ਲੋਕ ਬੋਲੀਆਂ ‘ਨਾ ਮਾਰੀਂ ਵੇ ਦਲੇਲ ਗੁਜਰਾ, ਮੈਂ ਲੋਪੋਂ ਦੀ ਸੁਨਿਆਰੀ', 'ਗੱਡੀ ਜੋੜ ਕੇ ਰੁਪਾਲੋਂ ਬਾੜੀ, ਜ਼ੋਰ ਸਰਦਾਰੀ

ਪੰਜਾਬੀ ਲੋਕ ਗਾਥਾਵਾਂ/ 9