ਕਾਹਨ ਸਿੰਘ ਨੇ ਉਹਨੂੰ ਰਿਆਸਤ ਨਾਭਾ ਵਿਖੇ ਰਾਜਾ ਹੀਰਾ ਸਿੰਘ ਦੇ ਰਸਾਲੇ ਵਿਚ ਭਰਤੀ ਕਰਵਾ ਦਿੱਤਾ। ਕਾਕੇ ਨੇ ਪਰਤਾਪੀ, ਪਰਤਾਪੀ ਦੇ ਨਾਨਕੀਂ ਛੱਡ ਆਂਦੀ। ਓਥੋਂ ਉਹ ਵਿਛੋੜੇ ਦੀ ਅਗਨੀ ਵਿਚ ਸੜਦੀ ਹੋਈ ਲੋਪੋਂ ਆ ਗਈ।
ਨਾਭੇ ਤੋਂ ਪਰਤਾਪੀ ਨੂੰ ਕਾਕੇ ਦੇ ਸੁਖ-ਸੁਨੇਹੇ ਪੁਜਦੇ ਰਹੇ। ਉਹ ਉਹਦੇ ਵਿਯੋਗ ਵਿਚ ਬਿਨ ਪਾਣੀਓਂ-ਮੱਛੀ ਵਾਂਗ ਤੜਪ ਰਿਹਾ ਸੀ। ਪਰਤਾਪੀ ਹੁਣ ਨਾਭੇ ਕਾਕੇ ਕੋਲ਼ ਨਸ ਜਾਣ ਦੀਆਂ ਵਿਉਂਤਾਂ ਬਣਾ ਰਹੀ ਸੀ। ਉਹਨੇ ਆਪਣੀ ਸਹੇਲੀ ਭੋਲੀ ਨੂੰ ਆਪਣੇ ਦਿਲ ਦੀ ਗੱਲ ਦੱਸ ਦਿੱਤੀ। "ਭੋਲੀਏ ਇਸ਼ਕ ਦੀਆਂ ਲੱਗੀਆਂ ਦੇ ਬਾਣ ਬੁਰੇ, ਮੇਰਾ ਲੂੰ-ਲੂੰ ਜਲ਼ ਰਿਹੈ, ਮੇਰੀ ਨੀਂਦ ਕਿਧਰੇ ਉਡ-ਪੁਡ ਗਈ ਐ। ਬਸ ਕਾਕਾ ਅੱਠੋ ਪਹਿਰ ਯਾਦ ਆਉਂਦਾ ਰਹਿੰਦੈ... ਮੈਨੂੰ ਉਨੀ ਦੇਰ ਚੈਨ ਨਹੀਂ ਆਉਣੀ ਜਿੰਨੀ ਦੇਰ ਉਹਨੂੰ ਦੇਖ ਨਹੀਂ ਲੈਂਦੀ। ਖੌਰੇ ਉਹਦੀ ਕੀ ਹਾਲਤ ਹੋਵੇਗੀ। ਭੋਲੀਏ, ਮੈਨੂੰ ਨਾਭੇ ਪੁਚਾਣ ਦੀ ਕੋਈ ਸਕੀਮ ਸੋਚ- ਸਾਰੀ ਉਮਰ ਤੇਰਾ ਅਹਿਸਾਨ ਨਹੀਂ ਭੁੱਲਾਂਗੀ।" ਪਰਤਾਪੀ ਨੇ ਆਪਣਾ ਸਿਰ ਭੋਲੀ ਦੀ ਗੋਦੀ ਵਿਚ ਸੁੱਟ ਦਿੱਤਾ ਤੇ ਡੁਸਕਣ ਲੱਗ ਪਈ।
"ਅੜੀਏ ਹੌਸਲਾ ਕਰ, ਮੈਂ ਆਪਣੇ ਦਲੇਲ ਨਾਲ਼ ਗੱਲ ਕਰਕੇ ਤੇਰਾ ਕੋਈ ਬੰਦੋਬਸਤ ਕਰਦੀ ਆਂ... ਉਹ ਤੈਨੂੰ ਸਰਦਾਰ ਕੋਲ਼ ਛੱਡ ਆਵੇਗਾ। ਹੁਣ ਪੂੰਝ ਛੱਡ ਇਹ ਹੰਝੂ।" ਭੋਲੀ ਨੇ ਹੌਸਲਾ ਦਿੱਤਾ।
"ਭੋਲੀਏ ਤੇਰਾ ਕਰਜ਼ ਕਿਵੇਂ ਚੁਕਾਵਾਂਗੀ?"
"ਬਸ ਦਿਲ ਦੀ ਭਾਫ਼ ਦਿਲ ਵਿਚ ਹੀ ਰੱਖ! ਔਹ ਨਰੈਣੀ ਆਉਂਦੀ ਪਈ ਐ।"
ਭੋਲੀ ਨੇ ਪਰਤਾਪੀ ਦੀਆਂ ਅੱਖਾਂ ਵਿਚ ਅਨੋਖੀ ਚਮਕ ਵੇਖੀ ਤੇ ਬੁਲ੍ਹਾਂ ਵਿਚ ਮੁਸਕਰਾਈ।
ਆਥਣ ਸਮੇਂ ਭੋਲੀ ਨੇ ਆਪਣੇ ਘਰ ਵਾਲ਼ੇ ਦਲੇਲ ਗੁੱਜਰ ਨਾਲ਼ ਪਰਤਾਪੀ ਨੂੰ ਕਾਕੇ ਕੋਲ਼ ਨਾਭੇ ਛੱਡ ਆਉਣ ਦੀ ਗੱਲ ਤੋਰੀ।
ਅਗਲੀ ਭਲ਼ਕ ਦਲੇਲ ਨੇ ਰੁਪਾਲੋਂ ਜਾ ਕੇ ਕਾਕੇ ਦੀ ਮਾਂ ਅਤਰੀ ਨੂੰ ਪਰਤਾਪੀ ਦੇ ਨਾਭੇ ਜਾਣ ਦੇ ਮਨਸੂਬੇ ਬਾਰੇ ਦੱਸ ਦਿੱਤਾ। ਪਰਤਾਪੀ ਦਾ ਕਾਕੇ ਕੋਲ਼ ਨਾਭੇ ਜਾਣਾ ਸੁਣ ਕੇ ਅਤਰੀ ਦੇ ਸਿਰ ਜਿਵੇਂ ਸੌ ਘੜਾ ਪਾਣੀ ਦਾ ਪੈ ਗਿਆ। ਉਹ ਮੱਥਾ ਫੜ ਕੇ ਬੈਠ ਗਈ। ਇਕ ਪਲ ਉਹ ਸੁੰਨ ਬੈਠੀ ਰਹੀ, ਆਖ਼ਰ ਉਸ ਦੇ ਬੁਲ੍ਹ ਕੰਬੇ, "ਨਹੀਂ, ਨਹੀਂ ਹੋਣ ਦਿਆਂਗੀ। ਜ਼ੈਲਦਾਰ ਕਾਹਨ ਸਿੰਘ ਦੀ ਨੂੰਹ ਕਮੀਣ ਸੁਨਿਆਰ ਦੀ ਧੀ ਨਹੀਂ ਬਣ ਸਕਦੀ। ਨਹੀਂ ਬਣ ਸਕਦੀ। ਜੇ ਪਰਤਾਪੀ ਕਾਕੇ ਦੇ ਵਸ ਗਈ ਤਾਂ ਸਾਡੇ ਖ਼ਾਨਦਾਨ ਦੀ ਇੱਜ਼ਤ ਮਿੱਟੀ ਵਿਚ ਮਿਲ਼ ਜਾਵੇਗੀ। ਸਾਡਾ ਨੱਕ ਵੱਢਿਆ ਜਾਵੇਗਾ। ਅਸੀਂ ਵੱਡੇ ਨਾਢੂ ਖਾਂ ਸਰਦਾਰ ਕਿਸੇ ਪਾਸੇ ਵੀ ਆਪਣਾ ਮੂੰਹ ਦਿਖਾਉਣ ਜੋਗੇ ਨਹੀਂ ਰਹਾਂਗੇ। ਵੀਰ ਮੇਰਿਆ ਕੁਝ ਵੀ ਕਰ। ਸਾਡੀ ਇੱਜ਼ਤ
ਪੰਜਾਬੀ ਲੋਕ ਗਾਥਾਵਾਂ/ 131