ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/136

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਬਚਾ। ਤੂੰ ਅੱਗੇ ਵੀ ਸਾਡੇ 'ਤੇ ਬਹੁਤ ਅਹਿਸਾਨ ਕੀਤੇ ਨੇ। ਆਹ ਲੈ ਪੰਜ ਸੌ ਰੁਪਏ। ਪਰਤਾਪੀ ਨੂੰ ਕਿਧਰੇ ਮੁਕਾ ਛੱਡ। ਮੈਂ ਤੇਰੇ ਪੈਰੀਂ ਪੈਨੀ ਆਂ।" ਅਤਰੀ ਨੇ ਆਪਣੀ ਚੁੰਨੀ ਦਲੇਲ ਦੇ ਪੈਰਾਂ 'ਤੇ ਰੱਖ ਦਿੱਤੀ।
ਅਤਰੀ ਦੀ ਹਾਲਤ ਦਲੇਲ ਪਾਸੋਂ ਸਹਾਰੀ ਨਾ ਗਈ। ਐਡੇ ਵੱਡੇ ਸਰਦਾਰਾਂ ਦੀ ਸਰਦਾਰਨੀ ਉਹਦੇ ਅੱਗੇ ਝੋਲੀ ਅੱਡੀ ਖੜੀ ਸੀ। ਉਹਨੇ ਪਰਤਾਪੀ ਨੂੰ ਪਾਰ ਬੁਲਾਉਣ ਦਾ ਇਕਰਾਰ ਅਤਰੀ ਨੂੰ ਦੇ ਦਿੱਤਾ।
ਰੁਪਾਲੋਂ ਦੇ ਲਾਗਲੇ ਪਿੰਡ ਚੱਕ ਦਾ ਸੱਯਦ ਮੁਹੰਮਦ ਸ਼ਾਹ ਦਲੇਲ ਦਾ ਯਾਰ ਸੀ। ਉਹਨੇ ਉਸ ਨੂੰ ਵੀ ਪਰਤਾਪੀ ਨੂੰ ਮਾਰਨ ਦੇ ਕਾਰਜ ਵਿਚ ਆਪਣਾ ਭਾਈਵਾਲ ਬਣਾ ਲਿਆ। ਅੰਨ੍ਹਾ ਲਾਲਚ ਚੰਗੇ ਭਲਿਆਂ ਨੂੰ ਵੀ ਵਿਗਾੜ ਦਿੰਦਾ ਹੈ।
ਦਲੇਲ ਨੇ ਲੋਪੋਂ ਆ ਕੇ, ਅਗਲੀ ਭਲਕ ਭੋਲੀ ਹੱਥ, ਪਰਤਾਪੀ ਨੂੰ ਨਾਭੇ ਜਾਣ ਲਈ ਤਿਆਰੀ ਕਰਨ ਦਾ ਸੁਨੇਹਾ ਭੇਜ ਦਿੱਤਾ! ਮਾਹੀ ਪਾਸ ਜਾਣ ਦਾ ਸੱਦਾ ਸੁਣ ਕੇ ਉਹ ਖਿੜੇ ਫੁੱਲ ਵਾਂਗ ਖਿੜ ਗਈ।
ਪੱਛਮ ਵੱਲ ਸੂਰਜ ਦੀ ਲਾਲੀ ਕਾਲ਼ੋ ਦਾ ਰੂਪ ਧਾਰ ਰਹੀ ਸੀ। ਤਾਰੇ ਲੁੱਕਣ ਮੀਟੀ ਖੇਡਣ ਲਗ ਪਏ ਸਨ। ਦਲੇਲ ਵਿਛੜੀ ਕੂੰਜ ਨੂੰ ਨਾਲ਼ ਲੈ ਕੇ ਚਾਵਾ-ਪੈਲ ਸਟੇਸ਼ਨ ਨੂੰ ਤੁਰ ਪਿਆ। ਲੋਪੋਂ ਤੋਂ ਚਾਵਾ-ਪੈਲ ਸਟੇਸ਼ਨ ਤੀਕਰ ਟਿੱਬੇ ਹੀ ਟਿੱਬੇ ਸਨ। ਪਰਤਾਪੀ ਟਿੱਬਿਆਂ ਦੀ ਕੋਈ ਪਰਵਾਹ ਨਹੀਂ ਸੀ ਕਰ ਰਹੀ। ਅੱਜ ਉਹ ਸਾਰੇ ਦਿਨਾਂ ਨਾਲ਼ੋਂ ਖਿੜਵੇਂ ਰੌਂਅ ਵਿਚ ਸੀ। ਉਹ ਭੋਲੀ ਦਾ ਲੱਖ-ਲੱਖ ਸ਼ੁਕਰ ਕਰ ਰਹੀ ਸੀ। ਪਿਆਰੇ ਦੇ ਮਿਲਾਪ ਲਈ ਉਹਦਾ ਦਿਲ ਬਹਿਬਲ ਹੋ ਰਿਹਾ ਸੀ। ਉਹ ਇਹ ਨਹੀਂ ਸੀ ਜਾਣਦੀ ਕਿ ਹੋਣੀ ਕੀ ਭਾਣਾ ਵਰਤਾਣ ਲੱਗੀ ਹੈ।
ਜਦੋਂ ਦਲੇਲ ਤੇ ਪਰਤਾਪੀ ਹਾਥੀ ਵਾਲ਼ੇ ਟਿੱਬੇ ਕੋਲ਼ ਪੁੱਜੇ ਤਾਂ ਅੱਗੋਂ ਸੱਯਦ ਮੁਹੰਮਦ ਨੇ ਆ ਲਲਕਾਰਾ ਮਾਰਿਆ। ਕਾਲ਼ੀ ਬੋਲ਼ੀ ਸੁੰਨਸਾਨ ਰਾਤ ਵਿਚ ਦਲੇਲ ਤੇ ਸੱਯਦ ਮੁਹੰਮਦ ਨੰਗੀਆਂ ਤਲਵਾਰਾਂ ਲੈ ਕੇ ਪਰਤਾਪੀ ਦੇ ਦੁਆਲੇ ਹੋ ਗਏ। ਬੇਬਸ ਹਰਨੀ ਨੇ ਸੈਆਂ ਤਰਲੇ ਕੀਤੇ, ਹਾੜ੍ਹੇ ਕੱਢੇ, ਆਪਣੇ ਪਿੰਡ ਦਾ ਵੀ ਵਾਸਤਾ ਪਾਇਆ। ਪਿੰਡ ਦਾ ਤਾਂ ਕੁੱਤਾ ਵੀ ਮਾਣ ਨਹੀਂ ਹੁੰਦਾ:

ਨਾ ਮਾਰੀਂ ਵੇ ਦਲੇਲ ਗੁੱਜਰਾ
ਮੈਂ ਲੋਪੋਂ ਦੀ ਸੁਨਿਆਰੀ(ਲੋਕ ਗੀਤ)

ਪਰ ਅੰਨ੍ਹੇ ਲਾਲਚ ਅਤੇ ਸਰਦਾਰਾਂ ਦੀ ਫੋਕੀ ਇੱਜ਼ਤ ਨੇ ਪਰੀਆਂ ਵਰਗੀ ਮਾਸੂਮ ਪਰਤਾਪੀ ਦੇ ਟੋਟੇ ਕਰਵਾ ਦਿੱਤੇ:

ਪੰਜਾਬੀ ਲੋਕ ਗਾਥਾਵਾਂ 132