ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/14

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ' ਅਤੇ 'ਬਾਰ ਬਟਨ ਨੇ ਟੋਲੇ, ਹੱਡ ਪਰਤਾਪੀ ਦੇ' ਮੇਰੀ ਅੰਤਰ ਆਤਮਾ ਨੂੰ ਝੰਜੋੜ ਰਹੀਆਂ ਸਨ ਜਿਸ ਸਦਕਾ ਮੈਂ ਮਨ ਬਣਾ ਲਿਆ ਕਿ ਇਨ੍ਹਾਂ ਲੋਕ ਬੋਲੀਆਂ ਦੇ ਪਿਛੋਕੜ ਬਾਰੇ ਜਾਣਕਾਰੀ ਪ੍ਰਾਪਤ ਕਰਾਂ। ਲੋਪੋਂ ਮੇਰੇ ਪਿੰਡ ਮਾਦਪੁਰ ਦਾ ਗੁਆਂਢੀ ਪਿੰਡ ਹੈ ਤੇ ਰੁਪਾਲੋਂ ਉਸ ਤੋਂ ਅਗਲੇਰਾ ਪਿੰਡ। ਮੇਰੇ ਗੁਆਂਢੀ ਪਿੰਡਾਂ ਵਿਚ ਉਨੀਵੀਂ ਸਦੀ ਦੇ ਸਤਵੇਂ ਦਹਾਕੇ ਵਿਚ ਵਾਪਰੀ 'ਕਾਕਾ ਪਰਤਾਪੀ' ਦੀ ਦਰਦਨਾਕ ਕਥਾ ਨੇ ਮੇਰੇ ਹੱਥ ਵਿਚ ਕਲਮ ਫੜਾ ਦਿੱਤੀ। ਮੈਂ ਲੋਪੋਂ, ਰੁਪਾਲੋਂ ਅਤੇ ਗੁਆਂਢੀ ਪਿੰਡਾਂ ਦੇ ਬਜ਼ੁਰਗਾਂ ਪਾਸੋਂ ਜਾ ਕੇ ਇਸ ਵਾਰਤਾ ਨੂੰ ਜਾਣਿਆਂ ਤੇ ਸੁਣਿਆਂ। ਇਸ ਤੋਂ ਬਿਨਾਂ 'ਕਾਕਾ ਪਰਤਾਪੀ' ਬਾਰੇ ਕਈ ਕਿੱਸੇ ਵੀ ਪ੍ਰਾਪਤ ਹੋ ਗਏ। ਇਸ ਆਧਾਰ 'ਤੇ ਮੈਂ ਇਕ ਲੇਖ 'ਕਾਕਾ ਪ੍ਰਤਾਪੀ ਦਾ ਕਿੱਸਾ' ਲਿਖਿਆ ਜਿਹੜਾ ਭਾਸ਼ਾ ਵਿਭਾਗ ਪੰਜਾਬ ਦੇ ਸਿਰਮੌਰ ਮਾਸਕ ਪੱਤਰ 'ਪੰਜਾਬੀ ਦੁਨੀਆਂ' ਦੇ ਨਵੰਬਰ-ਦਸੰਬਰ 1954 ਦੇ ਅੰਕ ਵਿਚ ਪ੍ਰਕਾਸ਼ਿਤ ਹੋ ਗਿਆ। ਓਦੋਂ ਮੇਰੀ ਉਮਰ ਸਾਢੇ 19 ਸਾਲ ਦੀ ਸੀ। ਆਪਣੀ ਪਹਿਲੀ ਰਚਨਾ ਦੇ ਉਸ ਸਮੇਂ ਦੇ ਪੰਜਾਬੀ ਦੇ ਸਿਰਮੌਰ ਮਾਸਕ ਪੱਤਰ ਵਿਚ ਛਪਣ ਨਾਲ਼ ਮੇਰਾ ਹੌਸਲਾ ਬੁਲੰਦ ਹੋ ਗਿਆ ਤੇ ਮੈਂ ਆਪਣੀ ਖੋਜ ਜਾਰੀ ਰਖਦਿਆਂ 'ਸੋਹਣਾ ਜ਼ੈਨੀ', 'ਇੰਦਰ ਬੇਗੋ' ਅਤੇ 'ਰੋਡਾ ਜਲਾਲੀ' ਵਰਗੀਆਂ ਮੂੰਹਜ਼ੋਰ ਮੁਹੱਬਤਾਂ ਨੂੰ ਕਿੱਸਿਆਂ 'ਤੇ ਅਧਾਰਤ ਲੇਖ ਲਿਖ ਕੇ 'ਪੰਜਾਬੀ ਦੁਨੀਆਂ', 'ਜਾਗ੍ਰਤੀ' ਅਤੇ 'ਪੰਜ ਦਰਿਆ' ਆਦਿ ਪ੍ਰਮੁੱਖ ਪੰਜਾਬੀ ਮਾਸਕ ਪੱਤਰਾਂ ਵਿਚ ਛਪਵਾ ਕੇ ਪਾਠਕਾਂ ਦੇ ਸਨਮੁਖ ਕੀਤਾ। ਇਨ੍ਹਾਂ ਰਚਨਾਵਾਂ ਨੂੰ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲਿਆ। ਸ. ਸਾਧੂ ਸਿੰਘ ਹਮਦਰਦ, ਜੋ ਉਸ ਸਮੇਂ ਦੇ ਪ੍ਰਮੁੱਖ ਪੰਜਾਬੀ ਅਖ਼ਬਾਰ 'ਅਜੀਤ' ਦੇ ਮੁੱਖ ਸੰਪਾਦਕ ਸਨ, ਨੇ ਮੈਨੂੰ 'ਅਜੀਤ' ਲਈ ਪੰਜਾਬ ਦੀਆਂ ਸਮੁੱਚੀਆਂ ਪ੍ਰੀਤ ਗਾਥਾਵਾਂ ਲਿਖਣ ਲਈ ਪ੍ਰੇਰਿਆ ਜਿਨ੍ਹਾਂ ਨੂੰ ਮੈਂ ਲੋਕ ਗੀਤਾਂ ਦੇ ਆਧਾਰ 'ਤੇ ਲਿਖਿਆ ਤੇ ਉਹ 'ਅਜੀਤ' ਦੇ ਸਪਤਾਹਿਕ ਅੰਕਾਂ ਵਿਚ ਲੜੀਵਾਰ ਪ੍ਰਕਾਸ਼ਿਤ ਹੋਈਆਂ। ਪੰਜਾਬੀ ਦੇ ਪ੍ਰਮੁੱਖ ਕਵੀ ਸੋਹਣ ਸਿੰਘ ਮੀਸ਼ਾ ਓਦੋਂ 'ਅਕਾਸ਼ ਬਾਣੀ' ਜਲੰਧਰ ਦੇ ਪੰਜਾਬੀ ਪ੍ਰੋਗਰਾਮ ਦੇ ਪ੍ਰੋਡਿਊਸਰ ਸਨ, ਉਨ੍ਹਾਂ ਨੇ ਇਨ੍ਹਾਂ ਪ੍ਰੀਤ ਗਾਥਾਵਾਂ ਨੂੰ 'ਦੇਸ ਪੰਜਾਬ' ਪ੍ਰੋਗਰਾਮ, ਜੋ ਵਿਸ਼ੇਸ਼ ਕਰਕੇ ਪਾਕਿਸਤਾਨੀ ਸਰੋਤਿਆਂ ਲਈ ਸੀ, ਵਿਚ 'ਜਿਨ੍ਹਾਂ ਵਣਜ ਦਿਲਾਂ ਦੇ ਕੀਤੇ' ਸਿਰਲੇਖ ਅਧੀਨ ਨਾਟਕੀ ਅੰਦਾਜ਼ ਵਿਚ ਲੜੀਵਾਰ ਪ੍ਰਸਾਰਤ ਕੀਤਾ।

ਸ. ਜੀਵਨ ਸਿੰਘ ਮਾਲਕ ਲਾਹੌਰ ਬੁੱਕ ਸ਼ਾਪ ਲੁਧਿਆਣਾ, ਜੋ ਸਾਹਿਤ ਦੇ ਪਾਰਖੂ ਵਿਅਕਤੀ ਸਨ, ਨੇ 1962 ਵਿਚ ਮੇਰੀ ਪੁਸਤਕ 'ਨੈਣਾਂ ਦੇ ਵਣਜਾਰੇ' ਪ੍ਰਕਾਸ਼ਿਤ ਕੀਤੀ ਜਿਸ ਵਿਚ ਹੀਰ-ਰਾਂਝਾ, ਸੱਸੀ-ਪੁੰਨੂੰ, ਮਿਰਜ਼ਾ-ਸਾਹਿਬਾਂ, ਸੋਹਣੀ-ਮਹੀਂਵਾਲ, ਕਾਕਾ-ਪਰਤਾਪੀ, ਸੋਹਣਾ-ਜ਼ੈਨੀ, ਇਦਰ-ਬੇਗੋ ਅਤੇ ਰੋਡਾ-ਜਲਾਲੀ ਪੰਜਾਬ ਦੀਆਂ ਪ੍ਰਮੁੱਖ ਪ੍ਰੀਤ ਗਾਥਾਵਾਂ ਸ਼ਾਮਲ ਕੀਤੀਆਂ ਗਈਆਂ।

ਪੰਜਾਬੀ ਲੋਕ ਗਾਥਾਵਾਂ/ 10