ਸਮੱਗਰੀ 'ਤੇ ਜਾਓ

ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁਪਨਾ ਅਪਣੇ ਮੱਧ ਭਰੇ ਨੈਣਾਂ ਵਿਚ ਸਮੋ ਘਰ ਪਰਤ ਆਇਆ। ਜ਼ਿੰਦਗੀ ਦੀ ਹਰ ਸ਼ੈ ਹੁਣ ਉਸ ਨੂੰ ਪਿਆਰੀ-ਪਿਆਰੀ ਖ਼ੁਸ਼-ਖ਼ੁਸ਼ ਜਾਪਦੀ ਸੀ। ਹਰ ਪਾਸੇ ਉਹਨੂੰ ਪਿਆਰੀ ਜ਼ੈਨੀ ਪਈ ਨਜ਼ਰ ਆਉਂਦੀ ਸੀ।
ਸਾਰੀ ਰਾਤ ਸੋਹਣਾ ਸੁਨਹਿਰੀ ਸੁਪਨੇ ਉਣਦਾ ਰਿਹਾ। ਸਵੇਰ ਹੁੰਦਿਆਂ ਸਾਰ ਹੀ ਉਹ ਡੇਰੇ ਵਲ ਨਸ ਟੁਰਿਆ। ਖੂਹ 'ਤੇ ਪੁਜ ਕੇ ਕੀ ਵੇਖਦਾ ਹੈ... ਡੇਰੇ ਵਾਲ਼ੀ ਥਾਂ ਭਾਂ-ਭਾਂ ਪਈ ਕਰਦੀ ਹੈ। ਜੋਗੀ ਰਾਤੋ ਰਾਤ ਅਗਾਂਹ ਤੁਰ ਗਏ ਸਨ।
ਸੋਹਣੇ ਦੇ ਕਾਲਜੇ 'ਚੋਂ ਰੁਗ ਭਰਿਆ ਗਿਆ। ਜ਼ੈਨੀ ਤਾਂ ਉਹਦਾ ਸਭ ਕੁਝ ਖਸ ਕੇ ਲੈ ਗਈ ਸੀ। ਉਹ ਉਹਦੇ ਵਿਯੋਗ ਵਿਚ ਪਾਗ਼ਲ ਜਿਹਾ ਹੋ ਗਿਆ। ਪਿਆਰੇ ਦੇ ਦੀਦਾਰ ਲਈ ਖੋਤਿਆਂ ਦੀਆਂ ਪੈੜਾਂ ਦਾ ਖੁਰਾ ਫੜ ਕੇ ਉਹ ਮਗਰੇ ਨਸ ਟੁਰਿਆ। ਹਰ ਆਉਂਦੇ ਰਾਹੀ ਪਾਸੋਂ ਉਹ ਡੇਰੇ ਦਾ ਪਤਾ ਪੁੱਛਦਾ। ਪੂਰੇ ਦੋ ਦਿਨ ਉਹ ਡੇਰਾ ਨਾ ਲੱਭ ਸਕਿਆ। ਭੁੱਖ ਅਤੇ ਵਿਯੋਗ ਦੇ ਕਾਰਨ ਉਹਦਾ ਬੁਰਾ ਹਾਲ ਹੋ ਗਿਆ ਸੀ। ਪਿਆਰੇ ਨਾਲ਼ ਤਾਂ ਉਸ ਅਜੇ ਦੋ ਬੋਲ ਵੀ ਸਾਂਝੇ ਨਹੀਂ ਸਨ ਕੀਤੇ। ਅੰਤ ਤੀਜੇ ਦਿਨ ਘੁੱਲਾਪੁਰ ਪਿੰਡ ਦੀ ਜੂਹ ਵਿਚ ਡੇਰਾ ਲੱਭ ਪਿਆ। ਜ਼ੈਨੀ ਨੂੰ ਵੇਖ ਉਸ ਰੱਬ ਦਾ ਲੱਖ-ਲੱਖ ਸ਼ੁਕਰ ਕੀਤਾ।
ਜੋਗੀਆਂ ਦਾ ਡੇਰਾ ਕਈ ਦਿਨ ਘੁੱਲਾਪੁਰ ਟਿਕਿਆ ਰਿਹਾ। ਸੋਹਣਾ ਦਿਨੇ ਡੇਰੇ ਵਲ ਗੇੜਾ ਮਾਰ ਕੇ ਜ਼ੈਨੀ ਦਾ ਚੰਦ ਜਿਹਾ ਪਿਆਰਾ ਮੁਖੜਾ ਤੱਕ ਜਾਂਦਾ ਤੇ ਰਾਤੀਂ ਮਸੀਤੇ ਜਾ ਸੌਂਦਾ। ਪਰ ਦੋ ਬੋਲ-ਪਿਆਰ ਭਰੇ ਮਾਖਿਓਂ-ਮਿੱਠੇ ਬੋਲ ਜੈਨੀ ਨਾਲ਼ ਸਾਂਝੇ ਨਾ ਕਰ ਸਕਿਆ। ਇਸ਼ਕ ਤੜਪਦਾ ਰਿਹਾ, ਹੁਸਨ ਮਚਲਦਾ ਰਿਹਾ!
ਏਧਰ ਜ਼ੈਨੀ ਨੂੰ ਕੋਈ ਪਤਾ ਨਹੀਂ ਸੀ ਕਿ ਕੋਈ ਉਹਦੀਆਂ ਰਾਹਾਂ ਨੂੰ ਚੜ੍ਹਦੇ ਸੂਰਜ ਸਿਜਦੇ ਕਰਦਾ ਹੈ, ਉਹਦੇ ਪੈਰਾਂ ਦੀ ਧੂੜ ਨਾਲ਼ ਆਪਣੀ ਭੁੱਜਦੀ ਹਿੱਕੜੀ ਦੀ ਤਪਸ਼ ਠਾਰਦਾ ਹੈ।
ਸੋਹਣੇ ਦੀ ਮਾਂ ਨੂੰ ਸੋਹਣੇ ਦਾ ਹਰ ਰੋਜ਼ ਜੋਗੀਆਂ ਦੇ ਡੇਰੇ ਜਾਣਾ ਸੁਖਾਂਦਾ ਨਹੀਂ ਸੀ! ਉਹਨੇ ਉਸ ਨੂੰ ਸਮਝਾਉਣ ਦਾ ਬਹੁਤੇਰਾ ਯਤਨ ਕੀਤਾ:

ਸੋਹਣੇ ਨੂੰ ਮਾਂ ਹਟਕੇਂਦੀ,
ਬੱਚਿਆ ਛੱਡ ਦੇ ਖ਼ਿਆਲ ਇਸ ਜੋਗਣ ਦਾ,
ਇਹ ਫ਼ਕੀਰ ਸੈਲਾਨੀ ਵੱਗ ਜਾਸਣ ਅਜ ਭਲਕ ਨੂੰ।
ਪੱਛੋਤਾਸੇਂ ਤੇ ਹਾਲ ਵੰਜਈਸੇਂ
ਇਨ੍ਹਾਂ ਹੱਥ ਨਹੀਂ ਆਵਣਾ ਵੱਤ ਨੂੰ
ਯਰਾਨਾ ਪੱਖੀ ਵਾਸ ਦਾ ਠੀਕ ਨਹੀਂ ਹੋਂਦਾ
ਓਏ ਤੂੰ ਸਮਝ ਲੈ ਮੇਰੀ ਮੱਤ ਨੂੰ।(ਵੱਲੂ ਰਾਮ ਬਾਜ਼ੀਗਰ)

ਪੰਜਾਬੀ ਲੋਕ ਗਾਥਾਵਾਂ/ 137