ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਛੱਡ ਕੇ ਤੇਰੇ ਅੱਗੇ ਖ਼ੈਰ ਮੰਗੀ ਏ। ਮੇਰੀ ਝੋਲ਼ੀ ਵਿਚ ਖ਼ੈਰ ਪਾ ਦੇ ਸੋਹਣੀਏਂ!" ਸੋਹਣੇ ਪੱਲਾ ਅੱਡਿਆ।
"ਵੇ ਮੂੰਹ ਸੰਭਾਲ ਕੇ ਗੱਲ ਕਰ।" ਜ਼ੈਨੀ ਕੜਕ ਕੇ ਬੋਲੀ ਅਤੇ ਗਾਗਰ ਸਿਰ 'ਤੇ ਰੱਖ ਕੇ ਖੜੀ ਹੋ ਗਈ।
"ਜ਼ੈਨੀਏ ਮੈਂ ਤੇਰੀ ਖ਼ਾਤਰ ਖੋਤੇ ਚਾਰ ਰਿਹਾ ਹਾਂ। ਤੇਰੀ ਖ਼ਾਤਰ ਆਪਣਾ ਪਿਆਰਾ ਬਾਪ, ਮਾਂ ਅਤੇ ਦੋਨੋਂ ਸੋਹਣੇ ਭਰਾ ਛੱਡ ਕੇ ਆਇਆ ਹਾਂ। ਅਮੀਰੀ ਤਿਆਗ ਕੇ ਫ਼ਕੀਰੀ ਧਾਰਨ ਕੀਤੀ ਏ। ਜ਼ੈਨੀਏਂ! ਮੈਂ ਤੇਰੇ ਪਿਆਰੇ ਬੋਲਾਂ ਲਈ ਸਹਿਕ ਰਿਹਾ ਹਾਂ।" ਸੋਹਣਾ ਤਰਲੇ ਲੈ ਰਿਹਾ ਸੀ।
"ਨਮਕ ਹਰਾਮੀਆ! ਤੇਰੀ ਇਹ ਮਜਾਲ! ਤੈਨੂੰ ਸ਼ਰਮ ਨਹੀਂ ਆਉਂਦੀ ਇਹੋ ਜਿਹੀਆਂ ਗੱਲਾਂ ਕਰਦੇ ਨੂੰ। ਅੱਜ ਡੇਰੇ ਚੱਲ ਕੇ ਤੇਰੀ ਕਰਵਾਉਂਦੀ ਹਾਂ ਜੁੱਤੀਆਂ ਨਾਲ ਮੁਰੱਮਤ ਵੱਡੇ ਆਸ਼ਕ ਦੀ।" ਇਹ ਆਖ ਜ਼ੈਨੀ ਡੇਰੇ ਨੂੰ ਤੁਰ ਪਈ।
ਸੋਹਣੇ ਦੀ ਤਪੱਸਿਆ ਅਜੇ ਪੂਰੀ ਨਹੀਂ ਸੀ ਹੋਈ। ਪ੍ਰੀਤਮ ਦੇ ਦਿਲ ਵਿਚ ਉਪਾਸ਼ਕ ਲਈ ਅਜੇ ਥਾਂ ਨਹੀਂ ਸੀ ਬਣਿਆਂ। ਸੋਹਣਾ ਡਰਦਾ-ਡਰਦਾ ਕਾਫੀ ਹਨ੍ਹੇਰਾ ਹੋਏ 'ਤੇ ਡੇਰੇ ਆਇਆ। ਉਸ ਨੂੰ ਕਿਸੇ ਨੇ ਕੁਝ ਨਾ ਆਖਿਆ। ਜ਼ੈਨੀ ਨੇ ਡੇਰੇ ਆ ਕਿਸੇ ਅੱਗੇ ਗੱਲ ਨਹੀਂ ਸੀ ਕੀਤੀ।
ਕਈ ਮਹੀਨੇ ਹੋਰ ਗੁਜ਼ਰ ਗਏ। ਸੋਹਣਾ ਜ਼ੈਨੀ ਦੇ ਫਿਰਾਕ ਵਿਚ ਤੜਪਦਾ ਰਿਹਾ। ਆਖ਼ਰ ਉਹਦੇ ਸਿਦਕ ਅਤੇ ਮੁਹੱਬਤ ਨੂੰ ਬੂਰ ਪਿਆ। ਇਕ ਦਿਨ ਫੇਰ ਜ਼ੈਨੀ ਸੋਹਣੇ ਨੂੰ ਜੰਗਲ ਵਿਚ ਕੱਲੀ ਟੱਕਰ ਗਈ। ਸੋਹਣੇ ਝੋਲੀ ਅੱਡੀ-ਦਾਨੀ ਆਪ ਮੰਗਤਾ ਬਣ ਗਿਆ:

ਸੋਹਣੇ ਦਰਦੀ ਹਾਲ ਦਰਦ ਦਾ
ਦਰਦੋਂ ਆਖ ਸੁਣਾਇਆ
ਲੈ ਸੁਨੇਹਾ ਦਰਦਾਂ ਵਾਲ਼ਾ
ਜ਼ੈਨੀ ਦੇ ਵਲ ਆਇਆ
ਆਹ ਇਸ਼ਕ ਦੀ ਤੀਰਾਂ ਵਾਂਗੂੰ
ਜ਼ਖ਼ਮ ਕੀਤਾ ਵਿਚ ਸੀਨੇ
ਨਿਕਲੀ ਆਹ ਜ਼ੈਨੀ ਦੇ ਦਿਲ ਥੀਂ
ਰੋਵਣ ਨੈਣ ਨਗ਼ੀਨੇ
ਇਸ਼ਕ ਆਸ਼ਕ ਥੀਂ ਮਾਸ਼ੂਕਾ ਵਲ
ਆਇਆ ਜ਼ੋਰ ਧਿੰਗਾਣੇ
ਚੜ੍ਹੇ ਖ਼ੁਮਾਰ ਸ਼ਰਾਬੋਂ ਵਧ ਕੇ

ਪੰਜਾਬੀ ਲੋਕ ਗਾਥਾਵਾਂ 139