ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/144

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨੈਣ ਹੋਏ ਮਸਤਾਨੇ
ਸੋਹਣਾ ਇਸ਼ਕ ਸੋਹਣੇ ਦਾ ਲੱਗਾ
ਐਨੀ ਕਮਲੀ ਹੋਈ
ਮਾਣ, ਗਰੂਰ ਤੇ ਨਖਵਤ ਦਿਲ ਦੇ
ਅੰਦਰ ਰਹੀ ਨਾ ਕੋਈ

(ਜਲਾਲ)

ਜ਼ੈਨੀ ਹੁਣ ਤਨੋਂ ਮਨੋਂ ਸੋਹਣੇ ਦੀ ਬਣ ਚੁੱਕੀ ਸੀ। ਉਹ ਹੁਣ ਉਹਦੀ ਖਿਦਮਤ ਕਰਦੀ ਨਹੀਂ ਸੀ ਥੱਕਦੀ। ਉਹਦੇ ਰਾਹਾਂ 'ਤੇ ਨਜ਼ਰਾਂ ਵਿਛਾਉਂਦੀ ਨਹੀਂ ਸੀ ਅੱਕਦੀ।
ਕੁਝ ਸਮਾਂ ਸੋਹਣਾ ਤੇ ਜ਼ੈਨੀ ਪਿਆਰ ਮਿਲਣੀਆਂ ਮਾਣਦੇ ਰਹੇ। ਆਖ਼ਰ ਉਨ੍ਹਾਂ ਦੇ ਇਸ਼ਕ ਦੀ ਚਰਚਾ ਡੇਰੇ ਵਿਚ ਛਿੜ ਪਈ।ਉਨ੍ਹਾਂ ਦੀ ਮੁਹੱਬਤ ਨੂੰ ਜੋਗੀਆਂ ਦੇ ਭਾਈਚਾਰੇ ਨੇ ਪ੍ਰਵਾਨ ਨਾ ਕੀਤਾ! ਜ਼ੈਨੀ ਦੀ ਮਾਂ ਨੇ ਵੀ ਉਸ ਨੂੰ ਬਹੁਤੇਰਾ ਸਮਝਾਇਆ ਪਰੰਤੂ ਉਹ ਤਾਂ ਹੁਣ ਸੋਹਣੇ ਲਈ ਜਾਨ ਹਥੇਲੀ ਤੇ ਰੱਖੀ ਫਿਰਦੀ ਸੀ:

ਜਮਣਾ ਤੇ ਮਰਨਾ,
ਮੌਤੂੰ ਕਦੇ ਨਾ ਡਰਨਾ,
ਅਸਾਂ ਚਿੱਤ ਜੀਵਨ ਨੂੰ ਚਾਏ।
ਮੈਨੂੰ ਤੇਰੇ ਸ਼ਰਮ ਦੀ ਲੋੜ ਨਾ ਕੋਈ
ਰੱਬ ਸੋਹਣੇ ਤੇ ਮੇਰੀਆਂ ਤੋੜ ਚੜ੍ਹਾਏ
ਮੈਨੂੰ ਯਾਰੀ ਨਾ ਯਾਰ ਦੀ ਭੁਲਦੀ ਏ
ਭਾਵੇਂ ਕੋਈ ਸੂਲੀ ਤੇ ਜਾਨ ਟਿਕਾਏ

(ਵੱਲੂ ਰਾਮ ਬਾਜ਼ੀਗਰ)

ਆਖ਼ਰ ਸਮਰ ਨਾਥ ਨੇ ਸੋਹਣੇ ਨੂੰ ਡੇਰੇ ਵਿਚੋਂ ਕੱਢ ਦਿੱਤਾ। ਸੋਹਣਾ ਆਪਣੇ ਮਹਿਬੂਬ ਦਾ ਪਿੱਛਾ ਕਿਵੇਂ ਛੱਡਦਾ। ਉਹਨੇ ਡੇਰੇ ਦੇ ਬਾਹਰ ਆਪਣਾ ਡੇਰਾ ਜਮਾ ਲਿਆ। ਜੋਗੀਆਂ ਉਹਨੂੰ ਬਹੁਤੇਰਾ ਆਖਿਆ ਕਿ ਉਹ ਓਥੋਂ ਚਲਿਆ ਜਾਵੇ ਪਰੰਤੂ ਉਹ ਆਪਣੇ ਹਠ ’ਤੇ ਅੜਿਆ ਰਿਹਾ।
ਸੋਹਣੇ ਦਾ ਹਠ ਵੇਖ ਕੇ ਜੋਗੀਆਂ ਨੂੰ ਰੋਹ ਤਾਂ ਚੜ੍ਹਨਾਂ ਹੀ ਸੀ। ਉਹ ਉਸ ਨੂੰ ਜਾਨੋਂ ਮਾਰਨ ਲਈ ਦੌੜੇ ਪਰੰਤੂ ਡੇਰੇ ਦੇ ਬਜ਼ੁਰਗ ਸਮਰ ਨਾਥ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਉਸ ਆਖਿਆ, "ਮੂਰਖ ਨਾ ਬਣੋ, ਆਪਣੇ ਸਿਰ ਖੂਨ ਪਾ ਕੇ ਡੇਰੇ ਦੀ ਸ਼ਾਨ ਨੂੰ ਵੱਟਾ ਨਾ ਲਾਵੋ। ਇਹਨੂੰ ਜੰਗਲ ਵਿਚ ਕਿਸੇ ਦਰਖ਼ਤ ਨਾਲ਼ ਬੰਨ੍ਹ ਦੇਵੋ। ਡੇਰਾ ਚੁੱਕ ਲਵੋ। ਆਪੇ ਪਿੱਛਾ ਛੱਡੇਗਾ।"

ਪੰਜਾਬੀ ਲੋਕ ਗਾਥਾਵਾਂ/ 140