ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/145

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਜੋਗੀ ਰਾਤ ਸਮੇਂ ਸੋਹਣੇ ਨੂੰ ਫੜ ਕੇ ਜੰਗਲ 'ਚ ਲੈ ਗਏ। ਪਹਿਲਾਂ ਤਾਂ ਉਹਦੀ ਖ਼ੂਬ ਕੁਟਾਈ ਕੀਤੀ ਤੇ ਮਗਰੋਂ ਉਹਨੂੰ ਇਕ ਦਰੱਖ਼ਤ ਨਾਲ ਬੰਨ੍ਹ ਦਿੱਤਾ। ਰਾਤੋ ਰਾਤ ਡੇਰਾ ਅਗਾਂਹ ਤੁਰ ਪਿਆ ਪਰੰਤੂ ਦੂਜੀ ਭਲਕ ਕਿਸੇ ਸ਼ਿਕਾਰੀ ਨੇ ਸੋਹਣੇ ਨੂੰ ਦਰੱਖ਼ਤ ਨਾਲ਼ੋਂ ਖੋਲ੍ਹ ਦਿੱਤਾ ਤੇ ਉਹ ਡੇਰੇ ਦੀ ਭਾਲ਼ ਵਿਚ ਨੱਸ ਟੁਰਿਆ। ਕਈ ਦਿਨਾਂ ਦੀ ਭਟਕਣਾ ਮਗਰੋਂ ਉਹ ਭੁੱਖਾ ਭਾਣਾ ਡੇਰੇ ਵਿਚ ਜਾ ਪੁੱਜਾ ਤੇ ਆਪਣੀ ਪਿਆਰੀ ਜ਼ੈਨੀ ਨੂੰ ਜਾ ਸਿਜਦਾ ਕੀਤਾ। ਜ਼ੈਨੀ ਵੀ ਉਹਨੂੰ ਵੇਖ ਕੇ ਟਹਿਕ ਪਈ।
ਜੋਗੀਆਂ ਨੂੰ ਹੁਣ ਪੂਰਾ ਯਕੀਨ ਹੋ ਗਿਆ ਸੀ ਕਿ ਸੋਹਣਾ ਜ਼ੈਨੀ ਦਾ ਪਿੱਛਾ ਛੱਡਣ ਵਾਲ਼ਾ ਨਹੀਂ। ਉਸ ਨੂੰ ਮਾਰਨ ਲਈ ਉਨ੍ਹਾਂ ਉਹਦੇ ਸੱਪ ਲੜਾਉਣ ਦੀ ਸਕੀਮ ਸੋਚੀ। ਇਸ ਬਾਰੇ ਚੰਦਾ ਨੇ ਜ਼ੈਨੀ ਨੂੰ ਸਭ ਕੁਝ ਦੱਸ ਦਿੱਤਾ। ਉਹਨੇ ਚੋਰੀ ਸੋਹਣੇ ਨੂੰ ਰੋਟੀ ਵਿਚ ਪਕਾ ਕੇ ਕੋਈ ਜੰਗਲੀ ਬੂਟੀ ਖਲ਼ਾ ਦਿੱਤੀ ਤੇ ਕੁਝ ਬੂਟੀ ਸਰੀਰ 'ਤੇ ਮਲ਼ਣ ਲਈ ਦੇ ਦਿੱਤੀ।
ਜੋਗੀ ਸੋਹਣੇ ਨੂੰ ਦੂਰ ਜੰਗਲ ਵਿਚ ਲੈ ਗਏ ਤੇ ਉਹਦੇ 'ਤੇ ਤੇਲੀਆ ਸੱਪ ਛੱਡ ਦਿੱਤਾ। ਪਰੰਤੂ ਉਸ ਜੰਗਲੀ ਬੂਟੀ ਦੀ ਖ਼ੁਸ਼ਬੋ ਹੀ ਅਜਿਹੀ ਸੀ ਕਿ ਸੱਪ ਉਸ ਦੇ ਨੇੜੇ ਨਾ ਢੁਕਿਆ। ਸੋਹਣੇ ਦੀ ਜਾਨ ਬਚ ਗਈ।
ਹੁਣ ਜੋਗੀ ਜ਼ਹਿਰੀਲੇ ਸੱਪ ਦੀ ਭਾਲ਼ ਵਿਚ ਨਿਕਲ ਤੁਰੇ। ਏਧਰ ਜ਼ੈਨੀ ਦਾ ਬੁਰਾ ਹਾਲ ਹੋ ਰਿਹਾ ਸੀ। ਸੋਹਣੇ ਦੀ ਮੌਤ ਉਹਨੂੰ ਡਰਾਉਂਦੀ ਪਈ ਸੀ, ਪਰ ਸੋਹਣੇ ਨੂੰ ਆਪਣੇ ਸਿਦਕ 'ਤੇ ਮਾਣ ਸੀ, ਭਰੋਸਾ ਸੀ। ਉਹ ਡਰ ਨਹੀਂ ਸੀ ਰਿਹਾ।
ਆਖ਼ਰ ਜੋਗੀ ਇਕ ਅਤਿ ਜ਼ਹਿਰੀਲਾ ਨਾਗ ਕੁਲਮਾਰ ਲੱਭ ਲਿਆਏ। ਹਨ੍ਹੇਰੇ ਗੂੜ੍ਹੇ ਹੋਏ। ਸੋਹਣੇ ਨੂੰ ਡੇਰੇ ਤੋਂ ਬਾਹਰ ਜੰਗਲ ਬੀਆਬਾਨ ਵਿਚ ਲਿਜਾਇਆ ਗਿਆ। ਸਾਰਾ ਡੇਰਾ ਇਕੱਠਾ ਹੋਇਆ ਸੋਹਣੇ ਦੁਆਲੇ ਖਲੋਤਾ ਹੋਇਆ ਸੀ। ਸਿਰਫ਼ ਜ਼ੈਨੀ ਆਪਣੀ ਪੱਖੀ ਵਿਚ ਪਈ ਤੜਪ ਰਹੀ ਸੀ। ਉਹ ਆਪਣੇ ਸੋਹਣੇ ਦੀ ਜਾਨ ਦੀ ਸਲਾਮਤੀ ਲਈ ਸੁੱਖ ਮਨਾ ਰਹੀ ਸੀ।
ਬੀਨਾਂ ਵੱਜੀਆਂ! ਕੁਲਮਾਰ ਨਾਗ਼ ਸੋਹਣੇ 'ਤੇ ਝਪਟ ਕੇ ਪੈ ਗਿਆ, ਕਈਆਂ ਨੇ ਕਸੀਸਾਂ ਵੱਟੀਆਂ। ਨਾਗ਼ ਨੇ ਸੋਹਣੇ ਦੁਆਲ਼ੇ ਵਲ੍ਹੇਟ ਪਾ ਲਏ ਸਨ। ਚੰਦਾ ਵੇਖ ਨਾ ਸਕੀ। ਉਸ ਆਪਣਾ ਮੂੰਹ ਪਰ੍ਹੇ ਘੁਮਾ ਲਿਆ। ਨਾਗ਼ ਦੀ ਜ਼ਹਿਰ ਨਾਲ਼ ਸੋਹਣੇ ਦਾ ਸਰੀਰ ਕਾਲ਼ਾ ਸ਼ਾਹ ਹੋ ਗਿਆ ਤੇ ਉਹ ਬੇਹੋਸ਼ ਹੋ ਕੇ ਧਰਤੀ 'ਤੇ ਨਿਢਾਲ ਪੈ ਗਿਆ! ਜੋਗੀਆਂ ਸਮਝਿਆ ਉਹ ਮਰ ਗਿਆ ਹੈ। ਇਸੇ ਖੁਸ਼ੀ ਵਿਚ ਉਹ ਡੇਰੇ 'ਤੇ ਆ ਕੇ ਨੱਚਣ ਗਾਉਣ ਲੱਗ ਪਏ।
ਰਾਤ ਕਾਫੀ ਲੰਘ ਚੁੱਕੀ ਸੀ। ਜ਼ੈਨੀ ਚੰਦਾ ਦੀ ਮਦਦ ਨਾਲ਼ ਅਧਮੋਏ ਸੋਹਣੇ ਪਾਸ ਪੁੱਜੀ। ਉਹ ਸਾਰੀ ਰਾਤ ਕਈ ਇਕ ਬੂਟੀਆਂ ਸੋਹਣੇ ਦੇ ਸਰੀਰ 'ਤੇ ਮਲ਼ਦੀ ਰਹੀ।ਬੂਟੀਆਂ ਦੀ ਤਾਸੀਰ ਹੀ ਕੁਝ ਅਜਿਹੀ ਸੀ ਕਿ ਉਹ ਪਹੁ-ਫੁਟਾਲੇ ਤਕ

ਪੰਜਾਬੀ ਲੋਕ ਗਾਥਾਵਾਂ/ 141