ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/148

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇ ਦਿੱਤੀ। ਪਲਾਂ ਵਿਚ ਕਈ ਜਵਾਨੀਆਂ ਜੁੜ ਬੈਠੀਆਂ ਤੇ ਨਵੇਂ ਸੌਦੇ ਖਰੀਦਣ ਲਈ ਸੋਚਾਂ ਬਣ ਗਈਆਂ!

ਤੇਲਣ ਮਤਾਬੀ, ਜੱਟੀ ਬਿਸ਼ਨੀ, ਗੁਲਾਬੀ
ਕਾਨ੍ਹੋ, ਕੇਸਰੀ, ਪੰਜਾਬੀ,
ਸੱਭੇ ਤਿਆਰ ਹੋ ਕੇ ਆਉਂਦੀਆਂ।
ਕਰਮੀ ਕਸੈਣ, ਸੋਭਾ, ਨੰਦ ਕੁਰ ਨੈਣ
ਵੀਰੋ, ਫੱਤੀ ਹਲਵੈਣ
ਡੋਰੇ ਕਜਲੇ ਦੇ ਪਾਉਂਦੀਆਂ।
ਬਾਹਮਣੀ ਬਲਾਸੋ, ਸੈਦਾਂ, ਸੰਤੀ ਤੇ ਆਸੋ
ਅੱਲਾ ਦਿੱਤੀ ਵੀ ਮਰਾਸੋ
ਗੀਤ ਟੋਲ੍ਹੀ ਬੰਨ੍ਹ ਗਾਉਂਦੀਆਂ।(ਪੂਰਨ ਰਾਮ)

ਲਗਰਾਂ ਵਰਗੀਆਂ ਮੁਟਿਆਰਾਂ ਰਾਵੀ ਦੇ ਪੱਤਣਾਂ ਨੂੰ ਅੱਗ ਲਾਉਂਦੀਆਂ ਹੋਈਆਂ ਲਾਹੌਰ ਜਾ ਵੜੀਆਂ। ਪੇਂਡੂ ਹੁਸਨ ਝਲਕਾਂ ਮਾਰਦਾ ਪਿਆ ਸੀ- ਗੋਦੜੀ ਦੇ ਲਾਲ ਦਗ ਦਗ ਪਏ ਕਰਦੇ ਸਨ। ਸਾਰੇ ਦਾ ਸਾਰਾ ਬਾਜ਼ਾਰ ਝੂਮਦਾ ਪਿਆ ਸੀ।
ਬਾਣੀਆਂ ਦੇ ਦਿਲ ਧੂੰਹਦੀ ਇਹ ਟੋਲੀ ਇੰਦਰ ਬਜਾਜ਼ ਦੀ ਹੱਟੀ 'ਤੇ ਜਾ ਪੁੱਜੀ। ਇੰਦਰ ਨੇ ਬੇਗੋ ਦਾ ਟਹਿਕਦਾ ਮੁਖੜਾ ਤੱਕਿਆ- ਉਹ ਬੇਗੋ ਦਾ ਹੋ ਗਿਆ:

ਦੇਖਿਆ ਸਰੂਪ ਜਦੋਂ ਬੇਗੋ ਨਾਰ ਦਾ
ਭੁੱਲ ਗਿਆ ਸੌਦਾ ਦਿਲ 'ਚ ਵਿਚਾਰਦਾ
ਆਖਦਾ ਇੰਦਰ ਏਸ ਦਾ ਕੀ ਨਾਮ ਨੀ
ਕੀਹਦੇ ਘਰ ਉੱਤਰੀ ਉਤਾਰ ਕਾਮਨੀ
ਨਾਰੀਆਂ ਕਹਿਣ, "ਦੱਸੀਏ ਜੇ ਨਾਮ ਵੇ
ਫੇਰ ਕੀ ਤੂੰ ਸੌਦਾ ਦੇਵੇਂ ਬਿਨਾ ਦਾਮ ਵੇ।"
"ਬੈਠੀ ਜੋ ਵਿਚਾਲੇ ਇਹਦਾ ਦੱਸੋ ਨਾਮ ਨੀ
ਸੌਦਾ ਲੈ ਲੋ ਕੋਈ ਮੰਗਦਾ ਨੀ ਦਾਮ ਨੀ।"
"ਬੇਗੋ" ਇਹਦਾ ਨਾਮ ਸਾਰੀਆਂ ਨੇ ਦੱਸਿਆ
ਸੁਣ ਕੇ ਇੰਦਰ ਖਿੜਖਿੜ ਹੱਸਿਆ
ਕੇਰਾਂ ਆਖ ਦੇਵੇ ਬੇਗੋ ਮੁੱਖੋਂ ਬੋਲ ਕੇ
ਜਿਹੜੀ ਚੀਜ਼ ਮੰਗੋ ਸੋਈ ਦੇਵਾਂ ਤੋਲ ਕੇ(ਪੂਰਨ ਰਾਮ)

ਪੰਜਾਬੀ ਲੋਕ ਗਾਥਾਵਾਂ/ 144