ਪੰਨਾ:ਜਿਨ੍ਹਾਂ ਵਣਜ ਦਿਲਾਂ ਦੇ ਕੀਤੇ - ਸੁਖਦੇਵ ਮਾਦਪੁਰੀ.pdf/151

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਸਨ। ਮਨਚਲੀਆਂ ਮੁਟਿਆਰਾਂ ਦੀ ਇਹ ਟੋਲੀ ਇਕ ਅਨੋਖੀ ਉਲਝਣ ਵਿਚ ਫਸੀ ਖੜੀ ਸੀ। ਲਟ-ਲਟ ਜਲ ਰਹੀ ਹੱਟੀ ਦੇ ਚੰਗਿਆੜੇ ਅਜੇ ਵੀ ਉਨ੍ਹਾਂ ਦੇ ਕੰਨਾਂ ਵਿਚ ਚਿੜ-ਚਿੜ ਕਰ ਰਹੇ ਸਨ। ਹਜ਼ਾਰਾਂ ਦੀ ਹੱਟੀ ਦਾ ਮਾਲਕ ਕੰਗਾਲ ਹੋਇਆ ਉਨ੍ਹਾਂ ਦੇ ਸਾਹਮਣੇ ਖੜ੍ਹਾ ਹੁਸਨ ਦੀ ਹੱਟੀ ਤੋਂ ਖ਼ੈਰਾਤ ਮੰਗ ਰਿਹਾ ਸੀ। ਬੇਗੋ ਦੀ ਮਾਨਸਿਕ ਹਾਲਤ ਡੱਕੋ ਡੋਲੇ ਖਾਂਦੀ ਪਈ ਸੀ। ਉਹਦੇ ਬਾਪ ਦੀਆਂ ਰੋਹ ਭਰੀਆਂ ਅੱਖਾਂ ਉਹਨੂੰ ਘੂਰਦੀਆਂ ਜਾਪਦੀਆਂ ਸਨ।
"ਬੇਗੋ ਮੇਰੀ ਜ਼ਿੰਦਗੀ ਏ, ਮੈਂ ਇਹਦਾ ਪਿੱਛਾ ਨਹੀਂ ਛੱਡਾਂਗਾ। ਇਹਦੇ ਨਾਲ਼ ਈ ਜਾਵਾਂਗਾ। ਇਹਦੇ ਲਈ ਹਰ ਕੁਰਬਾਨੀ ਕਰਾਂਗਾ। ਜੇ ਇਹ ਹੁਣੇ ਆਖੇ, ਮੈਂ ਇਹਦੇ ਸਾਹਮਣੇ ਰਾਵੀ ਵਿਚ ਛਾਲ਼ ਮਾਰ ਦਿਆਂਗਾ। ਬੇਗੋ ਆਖੇ ਤਾਂ ਸਹੀ....।" ਇੰਦਰ ਨੇ ਦਰਿਆ ਦੇ ਠਾਠਾਂ ਮਾਰਦੇ ਪਾਣੀ ਵਲ ਇਸ਼ਾਰਾ ਕਰਕੇ ਕਿਹਾ।
ਮੇਰੇ ਵਲੋਂ ਤਾਂ ਕੱਲ੍ਹ ਨੂੰ ਮਰਦਾ ਅੱਜੋ ਡੁੱਬ ਮਰ। ਮੈਂ ਤੈਨੂੰ ਕਦੋਂ ਰੋਕਦੀ ਆਂ। ਗੁੱਸੇ ਨਾਲ਼ ਬੇਗੋ ਦਾ ਮੁਖੜਾ ਸੂਹਾ ਗੁਲਾਬ ਹੋ ਗਿਆ ਸੀ।
ਬੇਗੋ ਦੇ ਮੁੱਖੋਂ ਇਹ ਬੋਲ ਨਿਕਲਣ ਦੀ ਦੇਰ ਸੀ ਕਿ ਇੰਦਰ ਨੇ ਝਟ ਰਾਵੀ ਦਰਿਆ ਵਿਚ ਛਾਲ਼ ਮਾਰ ਦਿੱਤੀ।
ਆਹ! ਬੇਗੋ ਦੇ ਬੋਲਾਂ ’ਤੇ ਇੰਦਰ ਨੇ ਜਾਨ ਕੁਰਬਾਨ ਕਰ ਦਿੱਤੀ। ਬੇਗੋ ਝੰਜੋੜੀ ਗਈ। ਇਕ ਪਲ ਉਹ ਅਹਿਲ ਖੜੀ ਰਾਵੀ ਦੀਆਂ ਘੁੰਮਣ ਘੇਰੀਆਂ ਵਲ ਤਕਦੀ ਰਹੀ, ਤਕਦੀ ਰਹੀ।ਉਸ ਦੀ ਤੱਕਣੀ ਵਿਚ ਪਛਤਾਵਾ ਸੀ, ਤੜਪ ਸੀ, ਆਪਣੇ ਪਿਆਰੇ ਲਈ ਜਿੰਦੜੀ ਘੋਲ ਘੁਮਾਵਣ ਦੀ ਲਾਲਸਾ ਸੀ।
ਬੇਗੋ ਦੀਆਂ ਸਹੇਲੀਆਂ ਨੇ ਤੱਕਿਆ, ਬੇਗੋ ਉਨ੍ਹਾਂ ਦੇ ਵਿਚਕਾਰ ਨਹੀਂ ਸੀ ਉਹ ਤਾਂ ਰਾਵੀ ਦੀਆਂ ਖੂਨੀ ਲਹਿਰਾਂ ਵਿਚਕਾਰ ਆਪਣੇ ਪਿਆਰੇ ਇੰਦਰ ਨੂੰ ਲੱਭ ਰਹੀ ਸੀ। ਖੂਨੀ ਦਰਿਆ ਦੀ ਇਕ ਲਹਿਰ ਉਹਨੂੰ ਵੀ ਆਪਣੇ ਨਾਲ਼ ਹੀ ਰੋਹੜ ਕੇ ਲੈ ਗਈ। ਦੋ ਲੋਥਾਂ ਕੱਠੀਆਂ ਵਹਿ ਰਹੀਆਂ ਸਨ।
ਮੁਟਿਆਰਾਂ ਉਦਾਸ-ਉਦਾਸ ਆਪਣੇ ਪਿੰਡ ਨੂੰ ਪਰਤ ਆਈਆਂ। ਉਹ ਸੋਚਦੀਆਂ ਪਈਆਂ ਸਨ ਕਿ ਕਿਹੜੇ ਮੂੰਹ ਨਾਲ਼ ਬੇਗੋ ਦੇ ਮਾਪਿਆਂ ਦੇ ਮੱਥੇ ਲੱਗਣਗੀਆਂ।
ਇਸ ਪ੍ਰੀਤ ਕਹਾਣੀ ਨੂੰ ਵਾਪਰਿਆਂ ਭਾਵੇਂ ਇਕ ਸਦੀ ਤੋਂ ਵੱਧ ਸਮਾਂ ਬੀਤ ਗਿਆ ਹੈ ਪਰੰਤੂ ਇਸ ਦੀ ਅਮਿਟ ਪਿਆਰ ਛੂਹ ਅੱਜ ਵੀ ਪੰਜਾਬ ਦੇ ਲੋਕ ਮਾਨਸ ਦੇ ਹਿਰਦਿਆਂ ਨੂੰ ਠਾਰ ਰਹੀ ਹੈ। ਉਹ ਇੰਦਰ ਬੇਗੋ ਦੇ ਕਿੱਸੇ ਨੂੰ ਲਟਕਾਂ ਨਾਲ਼ ਗਾ ਕੇ ਆਨੰਦ ਮਾਣਦੇ ਹਨ!

.

ਪੰਜਾਬੀ ਲੋਕ ਗਾਥਾਵਾਂ/ 147